ਜਲੰਧਰ ਪੁਲਿਸ ਨੇ 3 ਸਟਾਰ ਕਲੋਨੀ ਵਿੱਚ ਚੈਕਿੰਗ ਦੌਰਾਨ ਦੋ ਨੌਜਵਾਨਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕਾਬੂ ਕੀਤਾ ਹੈ। ਦੋਵਾਂ ਮੁਲਜ਼ਮਾਂ ਕੋਲੋਂ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਮੁਲਜ਼ਮ ਅੰਮ੍ਰਿਤਸਰ ਤੋਂ ਨਸ਼ਾ ਲਿਆ ਕੇ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਦੇ ਸਨ।
ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ
ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਬੀਤੀ ਰਾਤ ਰੁਟੀਨ ਚੈਕਿੰਗ ਕੀਤੀ ਜਾ ਰਹੀ ਸੀ। ਉਦੋਂ ਅਚਾਨਕ ਦੋ ਨੌਜਵਾਨ ਐਕਟਿਵਾ 'ਤੇ ਆ ਰਹੇ ਸਨ। ਜਦੋਂ ਉਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਹੈ।
ਮੁਲਜ਼ਮਾਂ ਦੀ ਪਛਾਣ
ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਸਾਹਿਲ ਅਤੇ ਪੰਕਜ ਵਜੋਂ ਹੋਈ ਹੈ। ਦੋਵੇਂ 3 ਸਟਾਰ ਕਲੋਨੀ ਦੇ ਵਸਨੀਕ ਹਨ। ਦੋਵੇਂ ਮੁਲਜ਼ਮ ਸ਼ਾਦੀਸ਼ੁਦਾ ਹਨ, ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਅੰਮ੍ਰਿਤਸਰ ਤੋਂ ਹੈਰੋਇਨ ਲਿਆ ਕੇ ਜਲੰਧਰ ਵਿੱਚ ਵੱਖ-ਵੱਖ ਥਾਵਾਂ ’ਤੇ ਸਪਲਾਈ ਕਰਦੇ ਸਨ।