ਜਲੰਧਰ ਦੇ ਨੂਰਮਹਿਲ 'ਚ ਅੱਜ ਸਵੇਰੇ ਫਿਲੌਰ ਥਾਣੇ ਦੀ ਪੁਲਸ ਅਤੇ ਨਸ਼ਾ ਤਸਕਰਾਂ ਵਿਚਾਲੇ ਮੁੱਠਭੇੜ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਐਨਕਾਊਂਟਰ ਵਿੱਚ ਦੋ ਪੁਲਸ ਕਰਮੀਆਂ ਨੂੰ ਗੋਲੀ ਲੱਗੀ ਹੈ। ਪੁਲਸ ਨੇ ਇੱਕ ਤਸਕਰ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ।
2 ਪੁਲਸ ਮੁਲਾਜ਼ਮ ਗੋਲੀ ਲੱਗਣ ਕਾਰਣ ਜ਼ਖਮੀ
ਇਸ ਮੁੱਠਭੇੜ ਦੌਰਾਨ ਥਾਣਾ ਫਿਲੌਰ ਦੀ ਪੁਲਸ ਨੇ ਇੱਕ ਮੁਲਜ਼ਮ ਨੂੰ 140 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਸੀ, ਜਿਸ ਦਾ ਸਾਥੀ ਛਿੰਦਾ ਵਾਸੀ ਨੂਰਮਹਿਲ ਫਰਾਰ ਹੋ ਗਿਆ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਇਕ ਟੀਮ ਬਣਾ ਕੇ ਐਤਵਾਰ ਸਵੇਰੇ ਨੂਰਮਹਿਲ ਦੇ ਇਕ ਪਿੰਡ 'ਚ ਛਾਪੇਮਾਰੀ ਕੀਤੀ, ਜਿੱਥੇ ਮੁਲਜ਼ਮ ਨੇ ਪੁਲਸ ਨੂੰ ਵੇਖ ਕੇ ਆਪਣੀ 9 ਐਮਐਮ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਮੁਲਜ਼ਮਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਫਿਲੌਰ ਦੇ ਦੋ ਪੁਲਸ ਮੁਲਾਜ਼ਮਾਂ ਨੂੰ ਲੱਗੀਆਂ, ਜਿਸ ਕਾਰਣ ਉਹ ਗੰਭੀਰ ਜ਼ਖਮੀ ਹੋ ਗਏ।ਘਟਨਾ ਦੇ ਤੁਰੰਤ ਬਾਅਦ ਪੁਲਸ ਨੇ ਜ਼ਖਮੀ ਕਰਮਚਾਰੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਰਿਮਾਂਡ ਲੈ ਕੇ ਕੀਤੀ ਜਾਵੇਗੀ ਪੁੱਛਗਿੱਛ
ਇਸ ਦੇ ਨਾਲ ਹੀ ਪੁਲਸ ਨੇ ਮੁਕਾਬਲੇ ਦੌਰਾਨ ਮੁਲਜ਼ਮ ਛਿੰਦਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 2 ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ। ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਤਿੰਨ ਥਾਣਿਆਂ ਦੀ ਪੁਲਸ ਮੌਕੇ ’ਤੇ ਮੌਜੂਦ ਸੀ। ਜਿਸ ਵਿੱਚ ਫਿਲੌਰ, ਨੂਰਮਹਿਲ ਅਤੇ ਬਿਲਗਾ ਥਾਣੇ ਸ਼ਾਮਲ ਹਨ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਥਾਣਾ ਨੂਰਮਹਿਲ ਵਿੱਚ ਵੱਖਰਾ ਕੇਸ ਦਰਜ ਕੀਤਾ ਜਾਵੇਗਾ। ਨੂਰਮਹਿਲ ਥਾਣੇ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਸ਼ਾ ਤਸਕਰੀ ਦੇ ਇੱਕ ਪੁਰਾਣੇ ਕੇਸ ਵਿੱਚ ਲੋੜੀਂਦਾ ਸੀ।