ਜਲੰਧਰ ਪੁਲਿਸ ਨੇ 18 ਸੇਵਾ ਕੇਂਦਰਾਂ ਤੋਂ ਚੋਰੀਆਂ ਕਰਨ ਵਾਲੇ ਗਿਰੋਹ ਦੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 11 ਪ੍ਰਿੰਟਰ, ਚਾਰ ਐਲ.ਈ.ਡੀ., ਤਿੰਨ ਕਲਰ ਪ੍ਰਿੰਟਰ, ਇੱਕ ਸਕੈਨਰ, 19 ਡੈਸਕਟਾਪ, ਤਿੰਨ ਕੀਬੋਰਡ, ਇੱਕ ਪੰਪ, ਇੱਕ ਟੂਲ ਕਿੱਟ ਅਤੇ ਹੋਰ ਸਾਮਾਨ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਖੁਦ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦਿੱਤੀ ਹੈ।
ਮਿਲ ਕੇ ਅੰਜਾਮ ਦਿੰਦੇ ਸਨ ਚੋਰੀ ਦੀਆਂ ਵਾਰਦਾਤਾਂ ਨੂੰ
ਉਨ੍ਹਾਂ ਨੇ ਦੱਸਿਆ ਕਿ ਸੁਰਾਗ ਦੇ ਆਧਾਰ 'ਤੇ ਪਤਾ ਲੱਗਾ ਹੈ ਕਿ ਅਮਿਤ ਮਰਵਾਹਾ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮਰਵਾਹਾ ਇਹ ਚੋਰੀ ਦਾ ਸਮਾਨ ਸ਼ਹਿਰ ਵਿੱਚ ਦੁਕਾਨ ਚਲਾਉਣ ਵਾਲੇ ਈਸ਼ਵਰ ਦੱਤ ਨੂੰ ਵੇਚਦਾ ਸੀ। ਇੰਦਰੇਸ਼ ਮੱਕੜ ਨੇ ਦੋਵਾਂ ਦੀ ਮਦਦ ਕੀਤੀ ਸੀ। ਤਿੰਨਾਂ ਦੋਸ਼ੀਆਂ ਨੂੰ ਕਮਿਸ਼ਨਰੇਟ ਪੁਲਿਸ ਨੇ ਕਾਬੂ ਕੀਤਾ ਹੈ ਅਤੇ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਤਿੰਨਾਂ ਨੇ ਜ਼ਿਲ੍ਹੇ ਦੇ 18 ਸੇਵਾ ਕੇਂਦਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਇਨ੍ਹਾਂ ਥਾਵਾਂ 'ਤੇ ਕੀਤੀਆਂ ਚੋਰੀਆਂ
ਪੁਲਿਸ ਨੇ ਦੱਸਿਆ ਕਿ ਇਨ੍ਹਾਂ ਚੋਰੀਆਂ ਵਿੱਚ ਗੁਰੂ ਅਮਰਦਾਸ ਕਲੋਨੀ (22 ਨਵੰਬਰ 2023), ਅਲਾਵਲਪੁਰ (30 ਨਵੰਬਰ 2023), ਕਰਤਾਰਪੁਰ (8 ਦਸੰਬਰ 2023), ਢਿਲਵਾਂ ਅਤੇ ਲੱਧੇਵਾਲੀ (16 ਦਸੰਬਰ 2023), ਜਮਸ਼ੇਰ ਖਾਸ, ਜੰਡਿਆਲਾ ਅਤੇ ਨੂਰਮਹਿਲ (19 ਦਸੰਬਰ 2023), ਬੜਾ ਪਿੰਡ ਗੋਰਾਈਆਂ (21 ਦਸੰਬਰ, 2023), ਸ਼ਾਹਕੋਟ, ਨਕੋਦਰ ਅਤੇ ਖੁਰਮਪੁਰ (18 ਦਸੰਬਰ, 2023), ਭੋਗਪੁਰ (17 ਦਸੰਬਰ, 2023), ਪਰਮਿੰਦਰ ਹਸਪਤਾਲ ਦੇ ਸਾਹਮਣੇ (ਦਸੰਬਰ 2023), ਆਦਮਪੁਰ (ਦਸੰਬਰ 2023), ਆਦਮਪੁਰ (2023) ), ਵਰਿਆਣਾ (1 ਜਨਵਰੀ, 2024), ਜੰਡੂ ਸਿੰਘਾ ਅਤੇ ਖੁਰਲਾ ਕਿੰਗਰਾ ਵਿੱਚ ਸਥਿਤ ਸੇਵਾ ਕੇਂਦਰ ਸ਼ਾਮਲ ਹਨ।