ਦਿੱਲੀ ਦੇ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫਤਾਰ ਕਰ ਲਿਆ ਹੈ। ਸਵੇਰੇ ਈਡੀ ਦੀ ਟੀਮ ਨੇ ਵਿਧਾਇਕ ਦੇ ਘਰ ਛਾਪਾ ਮਾਰਿਆ। ਵਕਫ ਬੋਰਡ ਮਾਮਲੇ 'ਚ ਈਡੀ ਦੀ ਟੀਮ ਅਮਾਨਤੁੱਲਾ ਖਾਨ ਦੇ ਘਰ ਪਹੁੰਚੀ ਸੀ। 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਦੁਪਹਿਰ 12.15 ਵਜੇ ਈਡੀ ਦੇ ਅਧਿਕਾਰੀ ਉਸ ਨੂੰ ਗ੍ਰਿਫ਼ਤਾਰ ਕਰਕੇ ਦਫ਼ਤਰ ਲੈ ਗਏ। ਦੱਸ ਦੇਈਏ ਕਿ ਵਕਫ ਬੋਰਡ ਮਾਮਲੇ 'ਚ ਈਡੀ ਦੀ ਟੀਮ ਅਮਾਨਤੁੱਲਾ ਖਾਨ ਦੇ ਘਰ ਪਹੁੰਚੀ ਸੀ।
'ਆਪ' ਵਿਧਾਇਕ ਅਮਾਨਤੁੱਲਾ ਖਾਨ ਨੇ ਐਕਸ 'ਤੇ ਇਕ ਵੀਡੀਓ ਪੋਸਟ ਕਰ ਕੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਲਿਖਿਆ ਕਿ ਈਡੀ ਦੇ ਲੋਕ ਮੈਨੂੰ ਗ੍ਰਿਫਤਾਰ ਕਰਨ ਲਈ ਮੇਰੇ ਘਰ ਪਹੁੰਚੇ ਹਨ। ਅਮਾਨਤੁੱਲਾ ਖਾਨ ਨੇ ਕਿਹਾ ਕਿ ਤੜਕੇ ਤਾਨਾਸ਼ਾਹ ਦੇ ਹੁਕਮਾਂ 'ਤੇ ਉਸ ਦੀ ਕਠਪੁਤਲੀ ਈਡੀ ਮੇਰੇ ਘਰ ਪਹੁੰਚ ਗਈ ਹੈ। ਤਾਨਾਸ਼ਾਹ ਮੈਨੂੰ ਅਤੇ 'ਆਪ' ਆਗੂਆਂ ਨੂੰ ਪ੍ਰੇਸ਼ਾਨ ਕਰਨ 'ਚ ਕੋਈ ਕਸਰ ਨਹੀਂ ਛੱਡ ਰਿਹਾ। ਕੀ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨਾ ਗੁਨਾਹ ਹੈ? ਆਖ਼ਰ ਇਹ ਤਾਨਾਸ਼ਾਹੀ ਕਦੋਂ ਤੱਕ ਚੱਲੇਗੀ?
ਇਹ ਕੇਸ 2016 ਤੋਂ ਚੱਲ ਰਿਹਾ ਹੈ, ਇਹ ਕੇਸ ਪੂਰੀ ਤਰ੍ਹਾਂ ਫਰਜ਼ੀ
ਉਨ੍ਹਾਂ ਕਿਹਾ ਕਿ 2016 ਤੋਂ ਚੱਲ ਰਿਹਾ ਇਹ ਕੇਸ ਪੂਰੀ ਤਰ੍ਹਾਂ ਫਰਜ਼ੀ ਹੈ। ਸੀਬੀਆਈ ਨੇ ਖੁਦ ਕਿਹਾ ਹੈ ਕਿ ਕੋਈ ਭ੍ਰਿਸ਼ਟਾਚਾਰ ਜਾਂ ਲੈਣ-ਦੇਣ ਨਹੀਂ ਹੋਇਆ ਹੈ। ਉਨ੍ਹਾਂ ਦਾ ਮਕਸਦ ਸਾਨੂੰ ਅਤੇ ਸਾਡੀ ਪਾਰਟੀ ਨੂੰ ਤੋੜਨਾ ਹੈ। ਜੇਕਰ ਜੇਲ੍ਹ ਭੇਜਦੇ ਹੋ ਤਾਂ ਅਸੀਂ ਤਿਆਰ ਹਾਂ। ਮੈਨੂੰ ਅਦਾਲਤ 'ਤੇ ਭਰੋਸਾ ਹੈ।
ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਇਸ ਮੁੱਦੇ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਟਵਿੱਟਰ 'ਤੇ ਪੋਸਟ ਕੀਤਾ ਹੈ ਕਿ ਈਡੀ ਦਾ ਇਹ ਹੀ ਕੰਮ ਬਚਿਆ ਹੈ। ਭਾਜਪਾ ਵਿਰੁੱਧ ਉੱਠੀ ਹਰ ਆਵਾਜ਼ ਨੂੰ ਦਬਾਓ। ਇਸ ਨੂੰ ਤੋੜੋ, ਜਿਹੜੇ ਨਾ ਟੁੱਟੇ ਤੇ ਨਾ ਦਬੇ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਵਿੱਚ ਡੱਕਿਆ ਜਾਵੇ।