ਜਲੰਧਰ ਨਗਰ ਨਿਗਮ ਦੀ ਬਿਲਡਿੰਗ ਵਿਭਾਗ ਦੀ ਟੀਮ ਨੇ ਅਲੀਪੁਰ ਇਲਾਕੇ 'ਚ ਤਿੰਨ ਏਕੜ 'ਚ ਬਣ ਰਹੀ ਆਜ਼ਾਦ ਕਲੋਨੀ ਨੂੰ ਢਾਹ ਦਿੱਤਾ।ਜਲੰਧਰ ਐਵੇਨਿਊ ਐਕਸਟੈਂਸ਼ਨ 'ਚ ਬਣ ਰਹੀ ਨਾਜਾਇਜ਼ ਕਲੋਨੀ ਨੂੰ ਵੀ ਢਾਹ ਦਿੱਤਾ ਗਿਆ।ਏਟੀਪੀ ਸੁਖਦੇਵ ਵਸ਼ਿਸ਼ਟ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਨਿਗਮ ਕਮਿਸ਼ਨਰ ਗੌਤਮ ਜੈਨ ਦੇ ਹੁਕਮਾਂ 'ਤੇ ਕੀਤੀ ਗਈ ਹੈ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ।
ਨੋਟਿਸ ਦੇ ਬਾਵਜੂਦ ਚੱਲ ਰਿਹਾ ਸੀ ਕੰਮ
ਏਟੀਪੀ ਸੁਖਦੇਵ ਵਸ਼ਿਸ਼ਟ ਨੇ ਦੱਸਿਆ ਕਿ ਨਗਰ ਨਿਗਮ ਨੇ ਦੋਵਾਂ ਕਲੋਨੀਆਂ ਨੂੰ ਨੋਟਿਸ ਭੇਜੇ ਸਨ ਪਰ ਨੋਟਿਸ ਭੇਜਣ ਦੇ ਬਾਵਜੂਦ ਉਸਾਰੀ ਦਾ ਕੰਮ ਬੰਦ ਨਹੀਂ ਕੀਤਾ ਗਿਆ, ਜਿਸ ਕਾਰਨ ਅੱਜ ਇਨ੍ਹਾਂ ਉਸਾਰੀ ਅਧੀਨ ਇਮਾਰਤਾਂ ਅਤੇ ਕਲੋਨੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ।
ਬਿਲਡਿੰਗ ਵਿਭਾਗ ਦੇ ਅਧਿਕਾਰੀ ਨੂੰ ਤਾੜਨਾ ਕੀਤੀ
ਦੱਸ ਦਈਏ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਅਤੇ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਨਾਜਾਇਜ਼ ਕਲੋਨੀਆਂ ਅਤੇ ਕਬਜ਼ਿਆਂ ਨੂੰ ਲੈ ਕੇ ਬਿਲਡਿੰਗ ਵਿਭਾਗ ਦੇ ਅਧਿਕਾਰੀ ਨੂੰ ਤਾੜਨਾ ਕੀਤੀ ਹੈ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ।