ਆਦਮਪੁਰ ਸਿਵਲ ਏਅਰਪੋਰਟ ਦੇ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨਿਰਾਲਾ ਨੇ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨਾਲ ਮੁਲਾਕਾਤ ਕਰਕੇ ਏਅਰਪੋਰਟ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਜਲੰਧਰ ਪ੍ਰਸ਼ਾਸਨ ਤੋਂ ਜਲਦੀ ਹੱਲ ਕਰਨ ਦੀ ਮੰਗ ਕੀਤੀ। ਮੀਟਿੰਗ ਦੌਰਾਨ ਡੀਸੀ ਨੇ ਪੁਸ਼ਪਿੰਦਰ ਵੱਲੋਂ ਉਠਾਏ ਮੁੱਦਿਆਂ ’ਤੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਏਅਰਪੋਰਟ ਅਥਾਰਟੀ ਨੂੰ ਪ੍ਰਸਤਾਵ ਤਿਆਰ ਕਰਨ ਲਈ ਕਿਹਾ
ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਮੌਜੂਦਾ ਰੂਟਾਂ ਤੋਂ ਇਲਾਵਾ ਆਦਮਪੁਰ ਤੋਂ ਨਵੀਂ ਦਿੱਲੀ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਜ਼ਰੂਰਤ 'ਤੇ ਵੀ ਚਾਨਣਾ ਪਾਈ | ਉਨ੍ਹਾਂ ਨੇ ਏਅਰਪੋਰਟ ਅਥਾਰਟੀ ਨੂੰ ਇਨ੍ਹਾਂ ਉਡਾਣਾਂ ਨੂੰ ਸ਼ੁਰੂ ਕਰਨ ਲਈ ਪ੍ਰਸਤਾਵ ਤਿਆਰ ਕਰਨ ਦੀ ਅਪੀਲ ਕੀਤੀ।
ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਜਧਾਨੀ ਲਈ ਸਿੱਧੀ ਸੇਵਾ ਨਾਲ ਸਥਾਨਕ ਯਾਤਰੀਆਂ, ਖਾਸ ਕਰਕੇ NRI ਅਤੇ ਉਦਯੋਗਪਤੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ। ਨਵੀਂ ਦਿੱਲੀ ਲਈ ਸਿੱਧੀ ਉਡਾਣ ਨਾ ਹੋਣ ਕਾਰਨ ਯਾਤਰੀਆਂ ਨੂੰ ਆਵਾਜਾਈ ਦੇ ਹੋਰ ਸਾਧਨਾਂ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਰੂਟ ਨੂੰ ਜੋੜਨ ਨਾਲ ਏਅਰਪੋਰਟ 'ਤੇ ਯਾਤਰੀਆਂ ਦੀ ਗਿਣਤੀ ਵੀ ਵਧੇਗੀ।
ਅਧਿਕਾਰੀਆਂ ਨੂੰ ਕੰਮ ਜਲਦ ਕੰਮ ਮੁਕੰਮਲ ਕਰਨ ਦੇ ਆਦੇਸ਼
ਡੀਸੀ ਨੇ ਸਬੰਧਤ ਅਧਿਕਾਰੀਆਂ ਨੂੰ ਸਾਰੇ ਪੈਨਡਿੰਗ ਪਏ ਮਾਮਲਿਆਂ ਨੁੰ ਜਲਦੀ ਨਿਪਟਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਹਵਾਈ ਅੱਡੇ ਨਾਲ ਆਸਾਨ ਸੰਪਰਕ ਯਕੀਨੀ ਬਣਾਉਣ ਲਈ 4.30 ਕਿਲੋਮੀਟਰ ਲੰਬੀ ਸੜਕ ਨੂੰ ਦੋ ਮਹੀਨਿਆਂ ਵਿੱਚ ਮੁਕੰਮਲ ਕਰਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਜ਼ਮੀਨ ਐਕਵਾਇਰ ਕਰਨ ਦਾ ਕੰਮ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।
ਆਦਮਪੁਰ ਏਅਰਪੋਰਟ ਦੋਆਬਾ ਦੇ ਲਈ ਮਹੱਤਵਪੂਰਨ
ਆਦਮਪੁਰ ਹਵਾਈ ਅੱਡੇ ਨੂੰ ਦੋਆਬਾ ਦੇ ਲਈ ਇੱਕ ਮਹੱਤਵਪੂਰਨ ਪ੍ਰੋਜੈਕਟ ਦੱਸਦੇ ਹੋਏ ਡਾ: ਅਗਰਵਾਲ ਨੇ ਕਿਹਾ ਕਿ ਜਲੰਧਰ ਪ੍ਰਸ਼ਾਸਨ ਯਾਤਰੀਆਂ ਖਾਸ ਕਰਕੇ ਐਨ.ਆਰ.ਆਈ ਭਾਈਚਾਰੇ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਲਈ ਸਾਰੇ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਲਈ ਵਚਨਬੱਧ ਹੈ। ਐਸ.ਐਸ.ਪੀ ਦਿਹਾਤੀ ਹਰਕਮਲ ਪ੍ਰੀਤ ਸਿੰਘ ਖੱਖ ਨਾਲ ਸੁਰੱਖਿਆ ਸਬੰਧੀ ਮੁੱਦਿਆਂ ਤੇ ਚਰਚਾ ਕੀਤੀ ਗਈ ਅਤੇ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਐਸਡੀਐਮ ਬਲਬੀਰ ਰਾਜ ਸਿੰਘ ਵੀ ਹਾਜ਼ਰ ਸਨ।