ਸ਼੍ਰੋਮਣੀ ਅਕਾਲੀ ਦਲ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਕਰ ਕੇ ਆਪਣਾ 103ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। 12 ਦਸੰਬਰ ਨੂੰ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ।
ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਕੋਲ ਸਿਰਫ਼ ਤਿੰਨ ਸਾਲ ਬਚੇ ਹਨ। ਪਟਿਆਲਾ ਵਿੱਚ ਜੋ ਕੇਬਲ ਆਪ੍ਰੇਟਰ 'ਤੇ ਕਬਜ਼ੇ ਹੋ ਰਹੇ ਹਨ,ਉਨ੍ਹਾਂ ਦੀ ਪਤਨੀ ਇਸ ਨੂੰ ਲੀਡ ਕਰ ਰਹੀ ਹੈ।
ਮਜੀਠੀਆ ਖਿਲਾਫ ਝੂਠਾ ਕੇਸ ਦਰਜ
ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਅਕਾਲੀ ਦਲ ਦਾ ਇਤਿਹਾਸ ਨਹੀਂ ਪਤਾ। ਜਿੰਨਾ ਇਸ ਨੂੰ ਦਬਾਓਗੇ, ਓਨਾ ਹੀ ਅਕਾਲੀ ਦਲ ਉਭਰੇਗਾ। ਪਹਿਲਾਂ ਬੰਟੀ ਰੋਮਾਣਾ 'ਤੇ ਝੂਠਾ ਕੇਸ ਦਰਜ ਕੀਤਾ ਗਿਆ, ਹੁਣ ਗਨੀਵ ਮਜੀਠੀਆ 'ਤੇ ਝੂਠਾ ਕੇਸ ਦਰਜ ਕੀਤਾ। ਉਹ ਵੀ ਗੱਲਬਾਤ ਕਰ ਕੇ ਨੋਟਿਸ ਜਾਰੀ ਕਰਵਾਇਆ। ਸੀਐਮ ਖੁਦ ਇਸ ਵਿੱਚ ਸ਼ਾਮਲ ਹਨ, ਪਰ ਕੀ ਹੋਇਆ, ਹਾਈਕੋਰਟ ਨੇ ਸਟੇਅ ਦੇ ਦਿੱਤੀ।
ਹੁਣ ਬਿਕਰਮ ਮਜੀਠੀਆ ਨੂੰ ਸੰਮਨ ਭੇਜੇ ਗਏ ਹਨ। ਦੋ ਸਾਲ ਤੱਕ ਕੁਝ ਨਹੀਂ ਕੀਤਾ ਗਿਆ ਅਤੇ ਨਾ ਹੀ ਚਾਰਜਸ਼ੀਟ ਪੇਸ਼ ਕੀਤੀ ਗਈ। ਹੁਣ ਜਦੋਂ ਬਿਕਰਮ ਮਜੀਠੀਆ ਸਰਕਾਰ ਵਿਰੁੱਧ ਬੋਲ ਰਿਹਾ ਹੈ ਤਾਂ ਉਸ ਨੂੰ ਸੰਮਨ ਭੇਜਿਆ ਗਿਆ। ਸਰਕਾਰ ਕਦੋਂ ਤੱਕ ਸੰਮਨ ਭੇਜਦੀ ਰਹੇਗੀ?
ਰੇਤ 'ਤੇ 'ਆਪ' ਵਿਧਾਇਕਾਂ ਦਾ ਕਬਜ਼ਾ
ਉਨ੍ਹਾਂ ਕਿਹਾ ਕਿ ਇਸ ਵਾਰ ਜਿੰਨੀਆਂ ਵੋਟਾਂ ਪਈਆਂ ਹਨ, ਇਹ ਉਸ ਤੋਂ ਵੀ ਬੁਰਾ ਹਾਲ ਕਰਨਗੇ। ਹੁਣ ਗ਼ਰੀਬ ਕਾਰੋਬਾਰੀ ਜੋ ਆਪਣਾ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਦੇ ਕੰਮ 'ਤੇ ਕੇਬਲ ਅਪਰੇਟਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 'ਆਪ' ਵਿਧਾਇਕਾਂ ਨੇ ਰੇਤਾ ਉਤੇ ਕਬਜ਼ਾ ਕਰ ਲਿਆ ਹੈ ਅਤੇ ਸ਼ਰਾਬ ਦੀ ਸੀਬੀਆਈ ਜਾਂਚ ਚੱਲ ਰਹੀ ਹੈ।
ਪੂਰੀ ਪੰਜਾਬ ਪੁਲਸ ਮੁੱਖ ਮੰਤਰੀ ਨੂੰ ਸੁਰੱਖਿਆ ਦੇਣ 'ਚ ਲੱਗੀ
ਸੁਖਬੀਰ ਬਾਦਲ ਨੇ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਪੰਜਾਬ ਵਿਚ ਗੈਂਗਸਟਰ ਰਾਜ ਚੱਲ ਰਿਹਾ ਹੈ। ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਪੂਰੀ ਪੰਜਾਬ ਪੁਲਸ ਮੁੱਖ ਮੰਤਰੀ, ਪਤਨੀ, ਮਾਂ ਅਤੇ ਭੈਣ ਨੂੰ ਸੁਰੱਖਿਆ ਦੇਣ ਵਿੱਚ ਲੱਗੀ ਹੋਈ ਹੈ।