ਪੰਜਾਬ ਦੇ ਕਿਸਾਨ ਭਲਕੇ ਯਾਨੀ 17 ਅਕਤੂਬਰ ਨੂੰ ਸਾਰੇ ਟੋਲ ਪਲਾਜ਼ਿਆਂ ਨੂੰ ਫ੍ਰੀ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ 18 ਅਕਤੂਬਰ ਨੂੰ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਪੱਕੇ ਮੋਰਚੇ ਲਗਾਏ ਜਾਣਗੇ।
ਬੀ.ਕੇ.ਯੂ ਨੇ ਲਿਆ ਫੈਸਲਾ
ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਟੋਲ ਪਲਾਜ਼ਾ ਨੂੰ ਫ੍ਰੀ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਝੋਨੇ ਦੀ ਖਰੀਦ ਸਹੀ ਤਰੀਕੇ ਨਾਲ ਨਾ ਹੋਣ ਦੇ ਵਿਰੋਧ ਵਿੱਚ ਲਿਆ ਗਿਆ। ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਖਿਲਾਫ ਰੋਸ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੀ 5 ਮੈਂਬਰੀ ਸੂਬਾ ਲੀਡਰਸ਼ਿਪ ਟੀਮ ਨੇ ਇਹ ਫੈਸਲਾ ਲਿਆ ਹੈ। ਫੈਸਲੇ ਅਨੁਸਾਰ ਦੋਵੇਂ ਤਰ੍ਹਾਂ ਦੇ ਮਾਰਚ ਦਿਨ-ਰਾਤ ਜਾਰੀ ਰਹਿਣਗੇ।
ਕਿਸਾਨਾਂ-ਮਜ਼ਦੂਰਾਂ ਦੀਆਂ ਕਈ ਮੰਗਾਂ
ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਕਈ ਮੰਗਾਂ ਹਨ। ਇਨ੍ਹਾਂ ਮੰਗਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ 'ਤੇ ਝੋਨੇ ਦੀ ਨਿਰਵਿਘਨ ਖਰੀਦ ਸ਼ੁਰੂ ਕਰਨਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਇਸ ਵਿੱਚ ਸ਼ਾਮਲ ਹਨ। ਜਿਸ 'ਤੇ ਕੇਂਦਰ ਦੀ ਭਾਜਪਾ ਅਤੇ ਸੂਬੇ ਦੀ 'ਆਪ' ਸਰਕਾਰ ਗੰਭੀਰਤਾ ਨਹੀਂ ਦਿਖਾ ਰਹੀ ਹੈ।
ਕਿਸਾਨ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰਾਂ ’ਤੇ ਕਿਸਾਨਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਇਆ ਹੈ, ਜੋ ਕਾਰਪੋਰੇਟ ਪੱਖੀ ਡਬਲਯੂ.ਟੀ.ਓ. ਦੀ ਖੁੱਲੀ ਮੰਡੀ ਨੀਤੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਸਮੂਹ ਪਿੰਡਾਂ ਦੇ ਕਿਸਾਨਾਂ-ਮਜ਼ਦੂਰਾਂ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਇਸ ਮਾਰੂ ਹਮਲੇ ਨੂੰ ਹਰਾਉਣ ਲਈ ਦਿਨ-ਰਾਤ ਇੱਕ ਕਰਨ ਦੀ ਅਪੀਲ ਕੀਤੀ ਹੈ।