ਪੰਜਾਬ 'ਚ ਅੱਜ ਸਵੇਰੇ ਮਰੀਜ਼ ਨੂੰ ਲੈ ਕੇ ਜਾ ਰਹੀ ਐੰਬੂਲੈਂਸ ਦਾ ਐਕਸੀਡੈਂਟ ਹੋ ਗਿਆ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਹੋ ਗਏ। ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ 'ਤੇ ਮੰਗੂਵਾਲ ਨੇੜੇ ਇੱਕ ਐਂਬੂਲੈਂਸ ਡੂੰਘੀ ਖੱਡ ਵਿੱਚ ਡਿੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਹਮੀਰਪੁਰ ਦੇ ਇੱਕ ਮਰੀਜ਼ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਪੰਜਾਬ ਲਿਜਾਇਆ ਜਾ ਰਿਹਾ ਸੀ। ਪਰ ਜਦੋਂ ਇਹ ਐਂਬੂਲੈਂਸ ਮੰਗੂਵਾਲ ਚੌਕੀ ਨੇੜੇ ਪਹੁੰਚੀ ਤਾਂ ਇਸਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਇਹ ਐਂਬੂਲੈਂਸ ਡੂੰਘੀ ਖੱਡ ਵਿੱਚ ਡਿੱਗ ਗਈ।
300 ਫੁੱਟ ਡੂੰਘੀ ਖੱਡ ਵਿੱਚ ਡਿੱਗੀ ਐਬੂਲੈਂਸ
ਜਾਣਕਾਰੀ ਅਨੁਸਾਰ, ਮਰੀਜ਼ ਨੂੰ ਟਾਂਡਾ ਮੈਡੀਕਲ ਕਾਲਜ, ਕਾਂਗੜਾ ਤੋਂ ਰੈਫਰ ਕੀਤਾ ਗਿਆ ਸੀ। ਪਰ ਰਸਤੇ ਵਿੱਚ ਭਾਰੀ ਮੀਂਹ ਕਾਰਨ ਸੜਕ ਧੱਸ ਗਈ, ਜਿਸ ਕਾਰਨ ਮੰਗੂਵਾਲ ਵਿੱਚ ਐਂਬੂਲੈਂਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਲਗਭਗ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ।
ਹਾਦਸੇ ਵਿੱਚ 3 ਲੋਕਾਂ ਦੀ ਮੌਤ
ਇਸ ਹਾਦਸੇ ਵਿੱਚ ਸੰਜੀਵ ਕੁਮਾਰ, ਓਮਕਾਰ ਚੰਦ ਅਤੇ ਰਮੇਸ਼ ਚੰਦ ਵਾਸੀ ਪਠਿਆਰ ਨਗਰੋਟਾ ਬਾਗਵਾਨ ਕਾਂਗੜਾ ਜ਼ਿਲ੍ਹਾ ਦੀ ਮੌਤ ਹੋ ਗਈ। ਜਦੋਂ ਕਿ ਐਂਬੂਲੈਂਸ ਡਰਾਈਵਰ ਬੌਬੀ ਅਤੇ ਰੇਣੂ ਨਾਮ ਦੀ ਔਰਤ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖਲ ਕਰਵਾਇਆ ਗਿਆ।