ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਜ਼ਿਆਦਾਤਰ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ। ਇਸ ਦੌਰਾਨ, ਸ਼ੁੱਕਰਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਮੋਹਾਲੀ, ਹੁਸ਼ਿਆਰਪੁਰ ਅਤੇ ਲੁਧਿਆਣਾ ਵਿੱਚ ਮੀਂਹ ਪੈ ਰਿਹਾ ਹੈ। ਸੂਬੇ ਦੇ ਕਈ ਇਲਾਕਿਆਂ ਵਿੱਚ ਬੱਦਲਵਾਈ ਹੈ।
ਹਾਲਾਂਕਿ ਸੂਬੇ 'ਚ ਬੀਤੇ ਦਿਨ ਕਈ ਜ਼ਿਲਿਆਂ 'ਚ ਧੁੱਪ ਨਿਕਲੀ ਹੋਈ ਸੀ। ਜਿਸ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲੀ। ਸੂਬੇ 'ਚ ਫਿਰ ਖਤਰਾ ਮੰਡਰਾਂ ਰਿਹਾ ਹੈ ਅੱਜ ਸਵੇਰ ਤੋਂ ਹੀ ਕਈ ਇਲਾਕਿਆਂ 'ਚ ਕਾਲੇ ਸੰਘਣੇ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਵੱਲੋਂ ਅੱਜ ਤੋਂ ਆਉਣ ਵਾਲੇ ਦਿਨਾਂ 'ਚ ਭਾਰੀ ਮੀਂਹ ਦੀ ਚੇਤਵਾਨੀ ਜਾਰੀ ਕੀਤੀ ਹੈ। ਲੋਕਾਂ ਨੂੰ ਸਾਵਧਾਨ ਰਹਿਣ ਲਈ ਸੁਚੇਤ ਕੀਤਾ ਗਿਆ ਹੈ।
ਅਗਲੇ 3 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ
ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ ਨੇ ਲੁਧਿਆਣਾ, ਰੂਪਨਗਰ, ਮੋਗਾ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਵਿੱਚ ਦਰਮਿਆਨੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਅਜੇ ਵੀ ਅਗਲੇ 3 ਦਿਨਾਂ ਲਈ ਪੰਜਾਬ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ, ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਪੂਰੇ ਸੂਬੇ ਵਿੱਚ ਬਾਰਿਸ਼ ਦਾ ਫਲੈਸ਼ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ, 10 ਸਤੰਬਰ ਤੋਂ ਮਾਨਸੂਨ ਦੁਬਾਰਾ ਸਰਗਰਮ ਹੋਵੇਗਾ ਅਤੇ ਭਾਰੀ ਬਾਰਿਸ਼ ਦੀ ਉਮੀਦ ਹੈ।
12 ਜ਼ਿਲ੍ਹਿਆਂ ਵਿੱਚ 43 ਲੋਕਾਂ ਦੀ ਮੌਤ
ਹੜ੍ਹ ਅਤੇ ਬਾਰਿਸ਼ ਦੀਆਂ ਘਟਨਾਵਾਂ ਕਾਰਨ ਹੁਣ ਤੱਕ 12 ਜ਼ਿਲ੍ਹਿਆਂ ਵਿੱਚ 43 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ (5), ਬਰਨਾਲਾ (5), ਬਠਿੰਡਾ (4), ਹੁਸ਼ਿਆਰਪੁਰ (7), ਲੁਧਿਆਣਾ (4), ਮਾਨਸਾ (3), ਪਠਾਨਕੋਟ (6), ਗੁਰਦਾਸਪੁਰ (2), ਐਸਏਐਸ ਨਗਰ (2), ਫਿਰੋਜ਼ਪੁਰ (1), ਫਾਜ਼ਿਲਕਾ (1), ਰੂਪਨਗਰ (1), ਪਟਿਆਲਾ (1) ਅਤੇ ਸੰਗਰੂਰ (1) ਸ਼ਾਮਲ ਹਨ। ਪਠਾਨਕੋਟ ਜ਼ਿਲ੍ਹੇ ਤੋਂ ਤਿੰਨ ਵਿਅਕਤੀ ਲਾਪਤਾ ਹਨ।