ਅੰਮ੍ਰਿਤਸਰ ਪੁਲਿਸ ਨੇ ਇੱਕ ਨਾਰਕੋ-ਟੈਰਰ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਬਿਹਾਰ ਤੋਂ ਤਿੰਨ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਫਲਤਾ 7 ਮਾਰਚ ਨੂੰ ਫੜੇ ਗਏ ਦੋ ਤਸਕਰਾਂ ਤੋਂ ਪੁੱਛਗਿੱਛ ਤੋਂ ਬਾਅਦ ਮਿਲੀ ਹੈ। ਤਿੰਨੋਂ ਗੁਰਗਿਆਂ ਦੇ ਅੱਜ ਰਾਤ ਤੱਕ ਅੰਮ੍ਰਿਤਸਰ ਪਹੁੰਚਣ ਦੀ ਉਮੀਦ ਹੈ।
ਤਿੰਨੋਂ ਮੁਲਜ਼ਮਾਂ ਦੀ ਪਛਾਣ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਨੇ ਹਮਲੇ ਦੇ ਤਿੰਨ ਦੋਸ਼ੀਆਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਹੈ, ਜੋ ਸਾਰੇ ਖੰਡਵਾਲਾ ਅਤੇ ਛੇਹਰਟਾ ਖੇਤਰਾਂ ਨਾਲ ਸਬੰਧਤ ਹਨ। ਤਿੰਨਾਂ ਮੁਲਜ਼ਮਾਂ ਦੀ ਪਛਾਣ ਕਰਨਦੀਪ, ਮੁਕੇਸ਼ ਕੁਮਾਰ ਯਾਦਵ ਅਤੇ ਸਾਜਨ ਸਿੰਘ ਵਜੋਂ ਹੋਈ ਹੈ। ਕਰਨਦੀਪ ਬੀਕੇਆਈ ਦਾ ਮੈਂਬਰ ਹੈ ਅਤੇ ਉਸਨੇ ਹੀ ਗ੍ਰਨੇਡ ਸਪਲਾਈ ਕੀਤਾ ਸੀ।
ਦੋਸ਼ੀ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ
ਉਨ੍ਹਾਂ ਕਿਹਾ ਕਿ ਤਿੰਨੋਂ ਬਿਹਾਰ ਰਾਹੀਂ ਨੇਪਾਲ ਭੱਜਣ ਦੀ ਯੋਜਨਾ ਬਣਾ ਰਹੇ ਸਨ ਪਰ ਪੁਲਸ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਉਨ੍ਹਾਂ ਦੇ ਭੱਜਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਹੁਣ ਉਨ੍ਹਾਂ ਨੂੰ ਬਿਹਾਰ ਤੋਂ ਅੰਮ੍ਰਿਤਸਰ ਲਿਆ ਰਹੀ ਹੈ ਤੇ ਉਮੀਦ ਹੈ ਕਿ ਰਿਮਾਂਡ ਤੋਂ ਬਾਅਦ ਹੋਰ ਵੱਡੇ ਖੁਲਾਸੇ ਹੋਣਗੇ।