ਜਲੰਧਰ ਦੇ ਰਹਿਣ ਵਾਲੇ ਭਾਰਤੀ ਹਾਕੀ ਓਲੰਪਿਕ ਖਿਡਾਰੀ ਮਨਦੀਪ ਸਿੰਘ ਜਲਦੀ ਹੀ ਵਿਆਹ ਬੰਧਨ ਵਿਚ ਬੱਝਣ ਜਾ ਰਹੇ ਹਨ। ਓਲੰਪਿਕ ਹਾਕੀ ਖਿਡਾਰੀ ਮਨਦੀਪ ਸਿੰਘ ਮਹਿਲਾ ਓਲੰਪਿਕ ਖਿਡਾਰਨ ਉਦਿਤਾ ਕੌਰ ਨਾਲ ਲਾਵਾਂ ਫੇਰੇ ਲੈਣਗੇ।
21 ਮਾਰਚ ਨੂੰ ਲੈਣਗੇ ਲਾਵਾਂ ਫੇਰੇ
ਦੱਸ ਦੇਈਏ ਕਿ ਉਦਿਤਾ ਕੌਰ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਹੈ। ਦੋਵਾਂ ਓਲੰਪਿਕ ਖਿਡਾਰੀਆਂ ਦਾ ਵਿਆਹ 21 ਮਾਰਚ ਨੂੰ ਹੋਵੇਗਾ, ਜਿਥੇ ਜਲੰਧਰ ਦੇ ਮਾਡਲ ਟਾਊਨ ਸਥਿਤ ਸ੍ਰੀ ਗੁਰਦੁਆਰਾ ਸਿੰਘ ਸਭਾ ਵਿੱਚ ਦੋਵਾਂ ਦੇ ਆਨੰਦ ਕਾਰਜ ਹੋਣਗੇ। ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਵਿਆਹ ਦੇ ਕਾਰਡ ਵੰਡੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ 19 ਮਾਰਚ ਨੂੰ ਇੱਕ ਡੀਜੇ ਪਾਰਟੀ ਹੋਵੇਗੀ, ਜਿਸ ਵਿੱਚ ਭਾਰਤੀ ਹਾਕੀ ਟੀਮ ਦੇ ਸਾਰੇ ਖਿਡਾਰੀ ਮੌਜੂਦ ਰਹਿਣਗੇ। ਬਾਰਾਤ 21 ਮਾਰਚ ਨੂੰ ਸਵੇਰੇ 8 ਵਜੇ ਘਰ ਤੋਂ ਸ਼੍ਰੀ ਗੁਰਦੁਆਰਾ ਸਾਹਿਬ ਲਈ ਰਵਾਨਾ ਹੋਵੇਗੀ ਅਤੇ ਆਨੰਦ ਕਾਰਜ ਹੋਣਗੇ। ਵਿਆਹ ਤੋਂ ਬਾਅਦ, 22 ਮਾਰਚ ਨੂੰ ਇੱਕ ਰਿਸੈਪਸ਼ਨ ਪਾਰਟੀ ਦਿੱਤੀ ਜਾਵੇਗੀ, ਜਿਸ ਵਿੱਚ ਖਿਡਾਰੀਆਂ ਤੋਂ ਲੈ ਕੇ ਕਈ ਪੁਲਿਸ ਅਧਿਕਾਰੀ ਅਤੇ ਸਿਆਸਤਦਾਨ ਮੌਜੂਦ ਰਹਿਣਗੇ।
ਓਲੰਪਿਕ ਖਿਡਾਰੀ ਮਨਦੀਪ ਸਿੰਘ ਬਾਰੇ
ਮਨਦੀਪ ਸਿੰਘ ਜਲੰਧਰ ਦੇ ਜੰਮਪਲ ਹਨ। ਮਨਦੀਪ ਸਿੰਘ ਭਾਰਤੀ ਪੁਰਸ਼ ਹਾਕੀ ਟੀਮ ਲਈ ਇੱਕ ਫਾਰਵਰਡ ਖਿਡਾਰੀ ਹਨ। ਇੱਕ ਸ਼ਾਨਦਾਰ ਗੋਲ-ਸਕੋਰਰ ਹਨ। ਉਨ੍ਹਾਂ ਨੇ 2021 ਟੋਕੀਓ ਓਲੰਪਿਕ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ, 2022 ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਅਤੇ 2023 ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਿੱਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ ਹਾਕੀ ਇੰਡੀਆ ਲੀਗ ਵਿੱਚ ਵੀ ਹਿੱਸਾ ਲਿਆ, 2013 ਵਿੱਚ ਟੂਰਨਾਮੈਂਟ ਦੇ ਆਗਾਮੀ ਖਿਡਾਰੀ ਦਾ ਪੁਰਸਕਾਰ ਜਿੱਤਿਆ। ਆਪਣੀ ਚੁਸਤੀ ਅਤੇ ਫਿਨਿਸ਼ਿੰਗ ਹੁਨਰ ਲਈ ਜਾਣਿਆ ਜਾਂਦੇ ਹਨ।
ਉਦਿਤਾ ਦੁਹਾਨ ਬਾਰੇ
ਹਰਿਆਣਾ ਦੇ ਹਿਸਾਰ ਵਿੱਚ ਜਨਮੇ ਉਦਿਤਾ ਦੁਹਾਨ, ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਹੈ। ਸ਼ੁਰੂ ਵਿੱਚ ਉਹ ਹੈਂਡਬਾਲ ਖਿਡਾਰਨ ਸਨ, ਬਾਅਦ ਚ ਉਨ੍ਹਾਂ ਆਪਣੀ ਖੇਡ ਹਾਕੀ ਵਿੱਚ ਤਬਦੀਲ ਕੀਤੀ ਅਤੇ 2017 ਵਿੱਚ ਆਪਣਾ ਸੀਨੀਅਰ ਡੈਬਿਊ ਕੀਤਾ। ਉਨ੍ਹਾਂ ਨੇ 2018 ਦੀਆਂ ਏਸ਼ੀਅਨ ਖੇਡਾਂ ਵਿੱਚ ਚਾਂਦੀ, 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਅਤੇ 2023 ਦੀਆਂ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਗਮਾ ਜਿੱਤਿਆ।
ਉਨ੍ਹਾਂ ਨੇ 2021 ਟੋਕੀਓ ਓਲੰਪਿਕ ਵਿੱਚ ਭਾਰਤ ਦੇ ਇਤਿਹਾਸਕ ਚੌਥੇ ਸਥਾਨ ‘ਤੇ ਰਹਿਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। 2024 ਵਿੱਚ ਉਹ ਮਹਿਲਾ ਹਾਕੀ ਇੰਡੀਆ ਲੀਗ ਨਿਲਾਮੀ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰਨ ਬਣ ਗਏ।