ਅੱਜ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਸੈਂਕੜੇ ਥਾਵਾਂ ਉਤੇ ਸਰਕਾਰ ਅਤੇ ਕਾਰਪੋਰੇਟਾਂ ਦੇ ਪੁਤਲੇ ਫੂਕੇ।
ਇਸੇ ਤਰਜ਼ ਉਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾਂ ,ਸੂਬਾਈ ਆਗੂ ਸਲਵਿੰਦਰ ਸਿੰਘ ਜਾਣੀਆਂ, ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਸ਼ਾਹਕੋਟ ਤਹਿਸੀਲ ਦੀ ਗਰਾਊਂਡ ਵਿੱਚ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕਿਆ ਗਿਆ ।
ਸਰਕਾਰਾਂ ਨੂੰ ਪਰਾਲੀ ਨੂੰ ਲੱਗੀ ਅੱਗ ਤਾਂ ਦਿਸ ਜਾਂਦੀ ਪਰ ਮੰਡੀਆਂ 'ਚ ਰੁਲ ਰਿਹਾ ਝੋਨਾ ਨਹੀਂ
ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਸਮੇਂ ਦੀਆਂ ਸਰਕਾਰਾਂ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵੱਲ ਪਿੱਠ ਕੀਤੀ ਹੋਈ ਹੈ। ਸਰਕਾਰਾਂ ਨੂੰ ਝੋਨੇ ਦੀ ਪਰਾਲ਼ੀ ਨੂੰ ਲੱਗੀ ਅੱਗ ਤਾਂ ਨਜ਼ਰ ਆ ਰਹੀ ਹੈ ਪਰ ਮੰਡੀਆਂ ਵਿੱਚ ਰੁਲ ਰਿਹਾ ਝੋਨਾ ਨਜ਼ਰ ਨਹੀਂ ਆ ਰਿਹਾ,ਪੰਜਾਬ ਅਤੇ ਕੇਂਦਰ ਸਰਕਾਰ ਨੇ ਅਜੇ ਤੱਕ ਹੜ੍ਹ ਪੀੜਤਾਂ ਲਈ ਕੋਈ ਮੁਆਵਜ਼ਾ ਨਹੀਂ ਦਿੱਤਾ। ਮਜ਼ਦੂਰਾਂ ਦੀ ਦਿਹਾੜੀ ਡਾ. ਸਵਾਮੀਨਾਥਨ ਦੀ ਰਿਪੋਰਟ ਦੇ ਅਧਾਰ ਉਤੇ ਦੇਣ ਦੀ ਬਜਾਏ ਉਨਾਂ ਦੀ ਦਿਹਾੜੀ ਦਾ ਸਮਾਂ ਡੇਡ ਗੁਣਾ ਕਰ ਦਿੱਤਾ ਗਿਆ ਹੈ, ਸਰਕਾਰ ਦੇਸ਼ ਦੇ ਲੋਕਾਂ ਨੂੰ ਰਾਹਤ ਪੈਕੇਜ ਦੇਣ ਦੀ ਬਜਾਏ ਧੱਕੇ ਨਾਲ ਚਿਪ ਵਾਲੇ ਮੀਟਰ ਲਗਾ ਰਹੀ ਹੈ।
ਸਰਕਾਰ ਇਨ੍ਹਾਂ ਵਾਅਦਿਆਂ ਤੋਂ ਮੁੱਕਰੀ
ਸਰਕਾਰ ਐਮ.ਐਸ.ਪੀ .ਗਰੰਟੀ ਦਾ ਕਾਨੂੰਨ ਬਣਾਉਣ ਦਾ ਵਾਅਦਾ ਕਰ ਕੇ ਮੁੱਕਰ ਚੁੱਕੀ ਹੈ, ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ ਤੋਂ ਸਰਕਾਰ ਭੱਜ ਚੁੱਕੀ ਹੈ, ਨਸ਼ਿਆਂ ਨੂੰ ਖਤਮ ਕਰਨ ਦੇ ਸਾਰੇ ਵਾਅਦੇ ਝੂਠੇ ਨਿਕਲੇ, ਕਰਜ਼ਾ ਮੁਆਫ਼ੀ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ,ਦਿੱਲੀ ਅੰਦੋਲਨ ਦੇ ਸ਼ਹੀਦ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦਾ ਇਨਸਾਫ਼ ਨਹੀਂ ਮਿਲ ਰਿਹਾ ਹੈ। ਇਸ ਦੌਰਾਨ ਕਿਹਾ ਗਿਆ ਕਿ ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਮੋਰਚੇ ਖੋਲ੍ਹੇ ਜਾਣਗੇ।
ਮੰਡੀਆਂ 'ਚ ਹੋ ਰਹੀ ਕਿਸਾਨਾਂ ਦੀ ਲੁੱਟ
ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਤੇ ਗੈਰ ਰਾਜਨੀਤਿਕ ਮੋਰਚੇ ਦੇ ਸਹਿਯੋਗ ਨਾਲ ਨਵੰਬਰ ਮਹੀਨੇ ਵਿੱਚ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਸਾਰੇ ਅਦਾਰੇ ਕਾਰਪੋਰੇਟ ਘਰਾਣਿਆਂ ਕੋਲ ਜਾ ਰਹੇ ਹਨ, ਮੰਡੀਆਂ ਵਿੱਚ ਵੱਡੇ ਪੱਧਰ ਉਤੇ ਲੁੱਟ ਹੋ ਰਹੀ ਹੈ, ਸ਼ੈਲਰ ਮਾਲਕ ਤੇ ਵਪਾਰੀ ਰਲ ਕੇ ਨਮੀ ਦੇ ਨਾਂ ਉਤੇ ਜਾਂ ਕਵਾਲਟੀ ਵਿੱਚ ਘਾਟ ਦੱਸ ਕੇ
ਕਿਸਾਨਾਂ ਨੂੰ ਲੁੱਟ ਰਹੇ ਹਨ। ਮੰਡੀ ਖੋਣ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਇਸ ਲਈ ਸਰਕਾਰ ਇਸ ਵੱਲ ਧਿਆਨ ਦੇਵੇ ਨਹੀਂ ਤਾਂ ਇਸਦੀ ਜ਼ਿੰਮੇਵਾਰ ਸਰਕਾਰ ਹੋਵੇਗੀ ।
ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾਂ, ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ, ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਜਰਨੈਲ ਸਿੰਘ ਰਾਮੇ ,ਨਿਰਮਲ ਸਿੰਘ ਢੰਡੋਵਾਲ, ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ, ਰਜਿੰਦਰ ਸਿੰਘ ਨੰਗਲ ਅੰਬੀਆਂ ,ਬਲਜਿੰਦਰ ਸਿੰਘ ਰਾਜੇਵਾਲ,ਬਲਦੇਵ ਸਿੰਘ ਕੁਹਾੜ,ਮੇਜਰ ਸਿੰਘ ਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਬੀਬੀਆਂ ਹਾਜ਼ਰ ਸਨ ।