ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਇਕ ਵਾਰ ਫਿਰ ਹਮਲਾ ਹੋਇਆ ਹੈ। ਐਤਵਾਰ ਨੂੰ ਵੈਸਟ ਫਲੋਰੀਡਾ 'ਚ ਆਪਣੇ ਗੋਲਫ ਕੋਰਸ 'ਚ ਗੋਲਫ ਖੇਡ ਰਿਹਾ ਸੀ। ਫਿਰ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਗਈਆਂ। ਟਰੰਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ। ਸੀਕ੍ਰੇਟ ਸਰਵਿਸ ਨੇ ਜਾਣਕਾਰੀ ਦਿੱਤੀ ਹੈ ਕਿ ਟਰੰਪ ਸੁਰੱਖਿਅਤ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਜਾਂਚ ਕੀਤੀ ਜਾ ਰਹੀ ਹੈ। FBI ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਕੋਲ AK-47 ਵਰਗੀ ਰਾਈਫਲ ਅਤੇ ਗੋਪਰੋ ਕੈਮਰਾ ਸੀ।
ਟਰੰਪ ਨੇ ਕਿਹਾ- ਮੈਂ ਬਿਲਕੁਲ ਸੁਰੱਖਿਅਤ ਹਾਂ
ਇਸ ਘਟਨਾ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਮੈਂ ਸੁਰੱਖਿਅਤ ਹਾਂ। ਮੈਂ ਆਪਣੇ ਆਲੇ-ਦੁਆਲੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ, ਪਰ ਇਸ ਤੋਂ ਪਹਿਲਾਂ ਕਿ ਘਟਨਾ ਬਾਰੇ ਕੋਈ ਅਫਵਾਹ ਫੈਲੇ, ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਠੀਕ ਅਤੇ ਸੁਰੱਖਿਅਤ ਹਾਂ।
ਉਨ੍ਹਾਂ ਅੱਗੇ ਕਿਹਾ, ਕੋਈ ਵੀ ਮੈਨੂੰ ਚੋਣ ਪ੍ਰਚਾਰ ਤੋਂ ਪਿੱਛੇ ਨਹੀਂ ਹਟ ਸਕੇਗਾ। ਮੈਂ ਕਦੇ ਸਮਰਪਣ ਨਹੀਂ ਕਰਾਂਗਾ। ਤੁਹਾਨੂੰ ਦੱਸ ਦੇਈਏ ਕਿ ਗੋਲਫ ਕੋਰਸ 'ਤੇ ਗੋਲੀਬਾਰੀ ਤੋਂ ਬਾਅਦ ਟਰੰਪ ਆਪਣੇ ਮਾਰ-ਏ-ਲਾਗੋ ਰਿਜ਼ੋਰਟ 'ਚ ਪਰਤ ਆਏ ਹਨ।
ਐਤਵਾਰ (15 ਸਤੰਬਰ) ਨੂੰ ਭਾਰਤੀ ਸਮੇਂ ਮੁਤਾਬਕ ਦੁਪਹਿਰ ਕਰੀਬ 2 ਵਜੇ ਫਲੋਰੀਡਾ ਦੇ ਵੈਸਟ ਪਾਮ ਬੀਚ 'ਚ ਟਰੰਪ ਇੰਟਰਨੈਸ਼ਨਲ ਗੋਲਫ ਕੋਰਸ ਨੇੜੇ ਕਈ ਗੋਲੀਆਂ ਚਲਾਈਆਂ ਗਈਆਂ। ਰਿਪੋਰਟ ਮੁਤਾਬਕ ਜਦੋਂ ਟਰੰਪ 5ਵੇਂ ਹੋਲ ਕੋਲ ਖੇਡ ਰਹੇ ਸਨ ਤਾਂ ਸੀਕ੍ਰੇਟ ਸਰਵਿਸ ਏਜੰਟਾਂ ਨੇ ਝਾੜੀਆਂ 'ਚ ਰਾਈਫਲ ਬੈਰਲ ਦੇਖਿਆ, ਜਿਸ ਤੋਂ ਬਾਅਦ ਏਜੰਟਾਂ ਨੇ ਉਨ੍ਹਾਂ 'ਤੇ ਗੋਲੀ ਚਲਾਈ ।
ਕਲੱਬ ਦੇ ਨੇੜੇ ਇੱਕ ਵਿਅਕਤੀ ਨੂੰ ਬੰਦੂਕ ਨਾਲ ਦੇਖ ਕੇ ਯੂਐਸ ਸੀਕਰੇਟ ਸਰਵਿਸ ਏਜੰਟਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ, ਐਫਬੀਆਈ ਨੇ ਕਿਹਾ ਕਿ ਉਹ ਕਤਲ ਦੀ ਕੋਸ਼ਿਸ਼ ਦੀ ਜਾਂਚ ਕਰ ਰਹੇ ਹਨ।
ਵ੍ਹਾਈਟ ਹਾਊਸ ਨੇ ਬਿਆਨ ਕੀਤਾ ਜਾਰੀ
ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਜੋਅ ਬਿਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਟਰੰਪ ਦੇ ਸੁਰੱਖਿਅਤ ਹੋਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਚੋਣ ਵਿੱਚ ਉਨ੍ਹਾਂ ਦੀ ਵਿਰੋਧੀ ਕਮਲਾ ਹੈਰਿਸ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਅਮਰੀਕਾ 'ਚ ਹਿੰਸਾ ਲਈ ਕੋਈ ਥਾਂ ਨਹੀਂ ਹੈ।