ਖਬਰਿਸਤਾਨ ਨੈੱਟਵਰਕ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਜਿਥੇ ਭਾਰਤ ਤੋਂ ਆਉਣ ਵਾਲੀਆਂ ਵਸਤਾਂ 'ਤੇ 25% ਟੈਰਿਫ (ਆਯਾਤ ਡਿਊਟੀ) ਲਗਾਉਣ ਦਾ ਹੁਕਮ ਦਿੱਤਾ, ਜਦੋਂ ਕਿ ਦੂਜੇ ਪਾਸੇ ਉਨ੍ਹਾਂ ਨੇ ਪਾਕਿਸਤਾਨ ਨਾਲ ਇੱਕ ਨਵੇਂ ਤੇਲ ਸਮਝੌਤੇ ਦਾ ਐਲਾਨ ਕੀਤਾ।
ਮੀਡੀਆ ਰਿਪੋਰਟ ਮੁਤਾਬਕ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਪਾਕਿਸਤਾਨ ਹੁਣ ਸਾਂਝੇ ਤੌਰ 'ਤੇ ਪਾਕਿਸਤਾਨ ਵਿੱਚ ਤੇਲ ਭੰਡਾਰਾਂ ਦੀ ਖੋਜ ਅਤੇ ਵਿਕਾਸ ਕਰਨਗੇ। ਉਨ੍ਹਾਂ ਇਹ ਐਲਾਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਕੀਤਾ। ਟਰੰਪ ਨੇ ਪੋਸਟ ਕੀਤਾ, "ਅਸੀਂ ਹੁਣੇ ਹੀ ਪਾਕਿਸਤਾਨ ਨਾਲ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਹਨ, ਜਿਸ ਵਿੱਚ ਅਮਰੀਕਾ ਅਤੇ ਪਾਕਿਸਤਾਨ ਪਾਕਿਸਤਾਨ ਦੇ ਵਿਸ਼ਾਲ ਤੇਲ ਭੰਡਾਰਾਂ 'ਤੇ ਮਿਲ ਕੇ ਕੰਮ ਕਰਨਗੇ। ਅਸੀਂ ਜਲਦੀ ਹੀ ਤੇਲ ਕੰਪਨੀ ਦੀ ਚੋਣ ਕਰਾਂਗੇ ਜੋ ਇਸ ਸਾਂਝੇਦਾਰੀ ਦੀ ਅਗਵਾਈ ਕਰੇਗੀ। ਕੌਣ ਜਾਣਦਾ ਹੈ, ਸ਼ਾਇਦ ਇੱਕ ਦਿਨ ਉਹ ਭਾਰਤ ਨੂੰ ਤੇਲ ਵੇਚਣਗੇ!"

ਹਾਲਾਂਕਿ, ਟਰੰਪ ਨੇ ਇਹ ਨਹੀਂ ਦੱਸਿਆ ਕਿ ਇਹ ਪ੍ਰੋਜੈਕਟ ਕਦੋਂ ਸ਼ੁਰੂ ਹੋਵੇਗਾ ਅਤੇ ਕਿਹੜੀਆਂ ਕੰਪਨੀਆਂ ਇਸ ਵਿੱਚ ਸ਼ਾਮਲ ਹੋਣਗੀਆਂ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਇਸ਼ਹਾਕ ਡਾਰ ਨੇ ਪਿਛਲੇ ਹਫ਼ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਦੋਵੇਂ ਦੇਸ਼ ਇੱਕ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਬਹੁਤ ਨੇੜੇ ਹਨ। ਟਰੰਪ ਦਾ ਐਲਾਨ ਉਸ ਤੋਂ ਕੁਝ ਦਿਨਾਂ ਬਾਅਦ ਆਇਆ।
ਭਾਰਤ 'ਤੇ ਆਯਾਤ ਡਿਊਟੀ ਕਿਉਂ?
ਉਸੇ ਦਿਨ, ਟਰੰਪ ਨੇ ਭਾਰਤ ਤੋਂ ਆਉਣ ਵਾਲੀਆਂ ਵਸਤਾਂ 'ਤੇ 25% ਟੈਰਿਫ ਲਗਾਉਣ ਦਾ ਐਲਾਨ ਵੀ ਕੀਤਾ। ਇਹ ਨਵੀਆਂ ਡਿਊਟੀਆਂ 1 ਅਗਸਤ ਤੋਂ ਲਾਗੂ ਹੋਣਗੀਆਂ। ਟਰੰਪ ਨੇ ਭਾਰਤ ਦੀਆਂ ਉੱਚ ਵਪਾਰਕ ਸ਼ਰਤਾਂ, ਰੂਸ ਤੋਂ ਊਰਜਾ ਅਤੇ ਰੱਖਿਆ ਉਪਕਰਣਾਂ ਦੀ ਖਰੀਦ ਅਤੇ ਭਾਰਤ ਦੇ ਬ੍ਰਿਕਸ ਸਮੂਹ ਵਿੱਚ ਸ਼ਾਮਲ ਹੋਣ ਨੂੰ ਇਸਦਾ ਕਾਰਨ ਦੱਸਿਆ। ਉਨ੍ਹਾਂ ਨੇ ਬ੍ਰਿਕਸ ਨੂੰ 'ਅਮਰੀਕਾ ਵਿਰੋਧੀ ਨੀਤੀਆਂ ਵਾਲਾ ਸਮੂਹ' ਕਿਹਾ ਅਤੇ ਚੇਤਾਵਨੀ ਦਿੱਤੀ ਕਿ ਇਸ ਵਿੱਚ ਹਿੱਸਾ ਲੈਣ ਵਾਲੇ ਕਿਸੇ ਵੀ ਦੇਸ਼ 'ਤੇ 10% ਵਾਧੂ ਟੈਕਸ ਲਗਾਇਆ ਜਾ ਸਕਦਾ ਹੈ।