ਖ਼ਬਰਿਸਤਾਨ ਨੈੱਟਵਰਕ: ਪਟਿਆਲਾ ਦੀ ਪੁਲਿਸ ਚੌਕੀ ਬਾਦਸ਼ਾਹਪੁਰ ਨੇੜੇ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਾਕੇ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਟਿਆਲਾ ਰੇਂਜ ਦੇ ਡੀਆਈਜੀ ਅਤੇ ਐਸਐਸਪੀ ਮੌਕੇ ’ਤੇ ਪੁੱਜੇ। ਇਹ ਪਹਿਲਾ ਹਮਲਾ ਹੈ, ਜੋ ਪੰਜਾਬ ਦੇ ਮਾਲਵਾ ਖੇਤਰ 'ਚ ਹੋਇਆ ਹੈ। ਇਸ ਤੋਂ ਪਹਿਲਾਂ ਸਾਰੇ ਹਮਲੇ ਮਾਝਾ ਖੇਤਰ ਵਿੱਚ ਕੀਤੇ ਗਏ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਸ਼ਹਿਰਾਂ ਦੇ ਥਾਣਿਆਂ 'ਚ ਧਮਾਕੇ ਹੋ ਚੁੱਕੇ ਹਨ।
ਜਾਂਚ 'ਚ ਜੁਟੀ ਪੁਲਿਸ
ਜਾਣਕਾਰੀ ਮੁਤਾਬਕ ਇਹ ਧਮਾਕਾ ਚੌਂਕੀ ਦੀ ਕੰਧ ਨੇੜੇ ਹੋਇਆ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਧਮਾਕਾ ਗ੍ਰੇਨੇਡ ਹਮਲਾ ਸੀ ਜਾਂ ਕੁਝ ਹੋਰ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ। ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਧਮਾਕਾ ਦੇਰ ਰਾਤ ਹੋਇਆ। ਜਿਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ 'ਚ ਸੂਚਨਾ ਦਿੱਤੀ ਗਈ। ਦੇਰ ਰਾਤ ਜਦੋਂ ਧਮਾਕੇ ਦੀ ਆਵਾਜ਼ ਸੁਣੀ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਆਲੇ-ਦੁਆਲੇ ਦੇ ਇਲਾਕੇ ਦੀ ਜਾਂਚ ਕੀਤੀ ਗਈ ਹੈ, ਪਰ ਕੁਝ ਨਹੀਂ ਮਿਲਿਆ।