ਖਬਰਿਸਤਾਨ ਨੈੱਟਵਰਕ- ਪੰਜਾਬ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ, ਆਏ ਦਿਨ ਬੇਖੌਫ ਹਮਲਾਵਰ ਗੋਲੀਆਂ ਚਲਾ ਕੇ ਲੋਕਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਤਾਜ਼ਾ ਮਾਮਲਾ ਅਬੋਹਰ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਮਸ਼ਹੂਰ ਕੱਪੜਾ ਸ਼ੋਅਰੂਮ ਦੇ ਮਾਲਕ ਦੀ ਉਸਦੀ ਦੁਕਾਨ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਵਪਾਰੀ ਭਾਈਚਾਰੇ ਵਿੱਚ ਭਾਰੀ ਗੁੱਸਾ ਹੈ।
ਸ਼ੋਅਰੂਮ ਮਾਲਕ ਨੂੰ ਗੱਡੀ ਪਾਰਕ ਕਰਦੇ ਸਮੇਂ ਮਾਰੀਆਂ ਗੋਲੀਆਂ
ਜਾਣਕਾਰੀ ਅਨੁਸਾਰ ਜਿਵੇਂ ਹੀ ਸੰਜੇ ਆਪਣੀ ਕਾਰ ਪਾਰਕ ਕਰ ਰਿਹਾ ਸੀ, ਤਿੰਨ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਭੱਜ ਗਏ।ਗੰਭੀਰ ਜ਼ਖਮੀ ਸੰਜੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਹਮਲਾਵਰ ਪਹਿਲਾਂ ਹੀ ਮੌਜੂਦ ਸਨ
ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਪਹਿਲਾਂ ਹੀ ਦੁਕਾਨ ਦੇ ਆਲੇ-ਦੁਆਲੇ ਮੌਜੂਦ ਸਨ ਅਤੇ ਸੰਜੇ ਦੇ ਆਉਣ ਦੀ ਉਡੀਕ ਕਰ ਰਹੇ ਸਨ। ਪੁਲਿਸ ਨੇ ਮੌਕੇ ਤੋਂ ਚਾਰ ਤੋਂ ਪੰਜ ਖੋਲ੍ਹ ਬਰਾਮਦ ਕੀਤੇ ਹਨ ਅਤੇ ਸ਼ੁਰੂਆਤੀ ਜਾਂਚ ਵਿੱਚ ਮਾਮਲੇ ਦਾ ਗੈਂਗਸਟਰ ਕਨੈਕਸ਼ਨ ਜਾਪਦਾ ਹੈ।
ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਗਏ
ਜਿਸ ਬਾਈਕ 'ਤੇ ਹਮਲਾਵਰ ਆਏ ਸਨ ਉਹ ਵੀ ਚੋਰੀ ਦੀ ਦੱਸੀ ਜਾ ਰਹੀ ਹੈ ਅਤੇ ਇਸਦੀ ਨੰਬਰ ਪਲੇਟ ਪੰਜਾਬ ਨੰਬਰ ਹੀ ਸੀ। ਅਪਰਾਧ ਕਰਨ ਤੋਂ ਬਾਅਦ ਦੋਸ਼ੀ ਆਪਣਾ ਮੋਟਰਸਾਈਕਲ ਮੌਕੇ 'ਤੇ ਛੱਡ ਕੇ ਇੱਕ ਹੋਰ ਮੋਟਰਸਾਈਕਲ ਖੋਹ ਕੇ ਭੱਜ ਗਏ।
ਪੁਲਿਸ ਜਾਂਚ ਵਿੱਚ ਜੁਟੀ
ਦੱਸਿਆ ਜਾ ਰਿਹਾ ਹੈ ਕਿ ਉਕਤ ਸ਼ੋਅਰੂਮ ਕੁੜਤਾ-ਪਜਾਮੇ ਲਈ ਬਹੁਤ ਮਸ਼ਹੂਰ ਹੈ। ਇਹ ਮਸ਼ਹੂਰ ਫਰਮ ਸੰਜੇ ਅਤੇ ਜਗਤ ਨਾਮ ਦੇ ਦੋ ਭਰਾ ਚਲਾਉਂਦੇ ਸਨ। ਸੰਜੇ ਦੇ ਕਤਲ ਕਾਰਨ ਵਪਾਰੀਆਂ ਵਿੱਚ ਭਾਰੀ ਗੁੱਸਾ ਹੈ। ਵੱਡੀ ਗਿਣਤੀ ਵਿੱਚ ਵਪਾਰੀ ਹਸਪਤਾਲ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਵਿਚ ਗੋਲੀਆਂ ਚੱਲਣ ਦੇ ਮਾਮਲੇ ਵਧੇ
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਗੋਲੀਆਂ ਚੱਲਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੋਈ ਦਿਨ ਅਜਿਹਾ ਨਹੀਂ ਕਿ ਪੰਜਾਬ ਵਿਚ ਗੋਲੀਆਂ ਨਾ ਚੱਲੀਆਂ ਹੋਣ। ਸੂਬੇ ਦੀ ਅਮਨ ਸ਼ਾਂਤੀ ਦੀ ਵਿਵਸਥਾ ਰੱਬ ਭਰੋਸੇ ਹੀ ਜਾਪ ਰਹੀ ਹੈ। ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਸਖਤ ਤੋਂ ਸਖਤ ਕਦਮ ਚੁੱਕੇ ਜਾਣ।