ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀਰਵਾਰ ਨੂੰ ਈ ਡੀ ਰਾਊਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਪਹੁੰਚਣ ਤੋਂ ਬਾਅਦ ਦਿੱਲੀ ਦੇ ਸੀ ਐਮ ਨੇ ਕਿਹਾ ਕਿ ਇਹ ਇੱਕ ਸਿਆਸੀ ਸਾਜ਼ਿਸ਼ ਹੈ। ਇਸ ਦਾ ਜਵਾਬ ਜਨਤਾ ਦੇਵੇਗੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸੁਨੀਤਾ ਵੀ ਪਹੁੰਚੀ।
ਦੱਸ ਦੇਈਏ ਕਿ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਅੱਜ ਅਦਾਲਤ ਵਿੱਚ ਪੇਸ਼ ਹੋਏ। ਇਸ ਪੇਸ਼ੀ ਤੋਂ ਪਹਿਲਾਂ ਸੀਐਮ ਅਰਵਿੰਦ ਕੇਜਰੀਵਾਲ ਦੀ ਪਤਨੀ ਨੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਅੱਜ ਅਦਾਲਤ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਕਰਨ ਜਾ ਰਹੇ ਹਨ। ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ ਸੀ ਕਿ ਅਦਾਲਤ ਵਿੱਚ ਪੇਸ਼ੀ ਦੌਰਾਨ ਸੀਐਮ ਦੱਸਣਗੇ ਕਿ ਇਸ ਪੂਰੇ ਮਾਮਲੇ ਦੀ ਸੱਚਾਈ ਕੀ ਹੈ।
ਮੁੱਖ ਮੰਤਰੀ ਕਾਨੂੰਨ ਤੋਂ ਉੱਪਰ ਨਹੀਂ
ਸੀ ਐਮ ਨੇ ਖੁਦ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕੀਤਾ। ਆਪਣੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਸ ਮਾਮਲੇ 'ਚ ਮੇਰਾ ਨਾਂ ਸਿਰਫ ਚਾਰ ਥਾਵਾਂ 'ਤੇ ਆਇਆ ਹੈ। ਚਾਰ ਬਿਆਨ ਦਿੱਤੇ ਗਏ ਸਨ ਅਤੇ ਉਨ੍ਹਾਂ ਵਿਚੋਂ ਉਹ ਬਿਆਨ ਜਿਸ ਵਿਚ ਮੈਨੂੰ ਫਸਾਇਆ ਗਿਆ ਸੀ, ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਕੀ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰਨ ਲਈ ਇਹ 4 ਬਿਆਨ ਕਾਫੀ ਹਨ? ਇਸ ਦੇ ਜਵਾਬ ਵਿੱਚ ਈਡੀ ਨੇ ਕਿਹਾ- ਮੁੱਖ ਮੰਤਰੀ ਕਾਨੂੰਨ ਤੋਂ ਉੱਪਰ ਨਹੀਂ ਹਨ।
ਕੇਜਰੀਵਾਲ ਅਦਾਲਤ 'ਚ ਬੋਲੇ
ਅਰਵਿੰਦ ਕੇਜਰੀਵਾਲ ਨੇ ਅਦਾਲਤ 'ਚ ਕਿਹਾ ਕਿ ਈਡੀ ਦਾ ਮਕਸਦ 'ਆਪ' ਨੂੰ ਖਤਮ ਕਰਨਾ ਹੈ, ਮੈਨੂੰ ਦੱਸਿਆ ਜਾਵੇ ਕਿ ਉਸ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਹੈ। ਜੇਕਰ 100 ਕਰੋੜ ਦਾ ਸ਼ਰਾਬ ਘੋਟਾਲਾ ਹੈ ਤਾਂ ਪੈਸਾ ਕਿੱਥੇ ਹੈ। ਈਡੀ ਸਬੂਤ ਸਾਹਮਣੇ ਨਹੀਂ ਲਿਆ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ ਹਰ ਹਾਲਤ 'ਚ ਤਿਆਰ ਹਾਂ। ਜਦੋਂ ਕਿ ਈਡੀ ਨੇ ਕਿਹਾ ਕਿ ਗ੍ਰਿਫਤਾਰ ਕਰਨਾ ਸਾਡਾ ਅਧਿਕਾਰ ਹੈ।
7 ਦਿਨ ਦੇ ਰਿਮਾਂਡ ਦੀ ਮੰਗ
ਈਡੀ ਨੇ ਕਿਹਾ ਕਿ ਇਹ 100 ਕਰੋੜ ਰੁਪਏ ਦਾ ਰਿਸ਼ਵਤਖੋਰੀ ਦਾ ਮਾਮਲਾ ਹੈ, ਗ੍ਰਿਫਤਾਰ ਕਰਨਾ ਸਾਡਾ ਅਧਿਕਾਰ ਹੈ। ਇਸ ਦੇ ਨਾਲ ਹੀ ਈਡੀ ਨੇ ਅਦਾਲਤ 'ਚ ਕੇਜਰੀਵਾਲ ਦੇ ਬੋਲਣ ਉਤੇ ਵਿਰੋਧ ਪ੍ਰਗਟਾਇਆ। ਦੱਸ ਦੇਈਏ ਕਿ ਕੇਜਰੀਵਾਲ ਦੇ 7 ਦਿਨਾਂ ਦੀ ਹੋਰ ਰਿਮਾਂਡ ਦੀ ਮੰਗ ਕੀਤੀ ਗਈ ਹੈ। ਈ ਡੀ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਕੇਜਰੀਵਾਲ ITR (ਇਨਕਮ ਟੈਕਸ ਰਿਟਰਨ) ਦਾ ਵੇਰਵਾ ਨਹੀਂ ਦੇ ਰਹੇ ਹਨ।