ਈ ਡੀ ਨੇ ਚੰਡੀਗੜ੍ਹ ਤੇ ਦਿੱਲੀ ਵਿਚ ਛਾਪੇਮਾਰੀ ਕੀਤੀ ਹੈ। ਦੱਸ ਦੇਈਏ ਕਿ ਚੰਡੀਗੜ੍ਹ ਵਿਚ ਇੱਕ ਸੀਨੀਅਰ ਆਈਏਐਸ ਅਧਿਕਾਰੀ ਵਰੁਣ ਰੂਜ਼ਮ ਦੇ ਘਰ ਛਾਪਾ ਮਾਰਿਆ ਹੈ। ਪੰਜਾਬ 'ਚ ਦੋ ਦਰਜਨ ਟਿਕਾਣਿਆਂ 'ਤੇ ਈਡੀ ਦੇ ਛਾਪੇ ਜਾਰੀ ਹਨ। ਇਸ ਦੇ ਨਾਲ ਹੀ ਆਈਏਐਸ ਅਧਿਕਾਰੀ ਰਾਜੇਸ਼ ਧੀਮਾਨ, ਜੋ ਇਸ ਸਮੇਂ ਫਿਰੋਜ਼ਪੁਰ ਵਿੱਚ ਡੀਸੀ ਦੇ ਅਹੁਦੇ ’ਤੇ ਹਨ, ਦੇ ਘਰ ਵੀ ਈਡੀ ਦੀ ਛਾਪੇਮਾਰੀ ਚੱਲ ਰਹੀ ਹੈ।ਅੱਜ ਸਵੇਰੇ 7 ਵਜੇ ਤੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਮੋਹਾਲੀ ਵਿਚ ਵੀ ਈ ਡੀ ਦੀ ਰੇਡ ਹੋਈ ਹੈ।
ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਛਾਪੇਮਾਰੀ
ਦੱਸ ਦੇਈਏ ਕਿ ਚੰਡੀਗੜ੍ਹ, ਮੋਹਾਲੀ, ਪਟਿਆਲਾ ਅਤੇ ਬਠਿੰਡਾ ਸਮੇਤ ਪੰਜਾਬ ਦੀਆਂ 22 ਵੱਖ-ਵੱਖ ਥਾਵਾਂ 'ਤੇ ਈਡੀ ਦੇ ਛਾਪੇਮਾਰੀ ਜਾਰੀ ਹੈ।
ਓਧਰ ਈ ਡੀ ਨੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਸਿੰਗਲਾ ਦੇ ਘਰ ਸਮੇਤ ਨਵੀਂ ਦਿੱਲੀ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਵੀ ਕੀਤੀ ਹੈ।
ਦਰਅਸਲ ਪਿੰਡ ਬਾਕਰਪੁਰ ਵਿੱਚ ਗਮਾਡਾ ਵੱਲੋਂ ਐਕੁਆਇਰ ਕੀਤੀ ਜ਼ਮੀਨ ਵਿੱਚ ਅਮਰੂਦ ਦੇ ਬਾਗ ਦਿਖਾ ਕੇ ਕਰੋੜਾਂ ਰੁਪਏ ਦੀ ਗਬਨ ਕਰਨ ਦੇ ਦੋਸ਼ ਵਿੱਚ 18 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।ਇਸ ਮਾਮਲੇ ਵਿੱਚ ਅੱਜ ਈਡੀ ਨੇ ਚੰਡੀਗੜ੍ਹ ਦੇ ਇੱਕ ਸੀਨੀਅਰ ਅਧਿਕਾਰੀ ਦੇ ਘਰ ਛਾਪਾ ਮਾਰਿਆ ਹੈ। ਜਾਣਕਾਰੀ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਕੁਝ ਹੋਰ ਲੋਕ ਵੀ ਈਡੀ ਦੇ ਰਡਾਰ 'ਤੇ ਹਨ।
18 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ
ਸਾਲ 2018 ਵਿੱਚ ਜ਼ਮੀਨ ਖਰੀਦ ਕੇ ਬੂਟੇ ਲਾਏ ਗਏ ਸਨ ਪਰ ਗਮਾਡਾ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਾਲ ਰਿਕਾਰਡ ਵਿੱਚ ਇਹ ਬੂਟੇ 2016 ਵਿੱਚ ਲਾਏ ਗਏ ਸਨ। ਇਸ ਤੋਂ ਬਾਅਦ ਮੁਲਜ਼ਮਾਂ ਨੇ ਮਿਲ ਕੇ ਵਿਭਾਗ ਤੋਂ ਕਰੀਬ 137 ਕਰੋੜ ਰੁਪਏ ਦਾ ਮੁਆਵਜ਼ਾ ਲੈ ਲਿਆ। ਜਦੋਂ ਵਿਜੀਲੈਂਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਮਾਮਲੇ ਵਿੱਚ 18 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।