ਕਪੂਰਥਲਾ 'ਚ ਕਾਰ 'ਚ ਸਵਾਰ ਨੌਜਵਾਨ ਅਤੇ ਔਰਤ ਨੇ 4 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਬੱਚੇ ਦੇ ਦਾਦਾ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਅਗਵਾ ਕਰਨ ਦਾ ਦੋਸ਼ ਲਗਾਇਆ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ।
ਘਟਨਾ ਸੀਸੀਟੀਵੀ ਵਿੱਚ ਕੈਦ
ਇਸ ਸਬੰਧੀ ਐਸਐਚਓ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਇਹ ਕੰਮ ਕਿਸੇ ਜਾਣਕਾਰ ਵੱਲੋਂ ਕੀਤਾ ਗਿਆ ਹੈ। ਦੂਜੇ ਪਾਸੇ ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਅਜਿਹੀ ਕਿਸੇ ਵੀ ਘਟਨਾ ਦੇ ਵਾਪਰਨ ਅਤੇ ਕੋਈ ਸ਼ਿਕਾਇਤ ਮਿਲਣ ਤੋਂ ਸਾਫ਼ ਇਨਕਾਰ ਕੀਤਾ ਪਰ ਜਦੋਂ ਸੀਸੀਟੀਵੀ ਫੁਟੇਜ ਅਤੇ ਸ਼ਿਕਾਇਤ ਦੀ ਕਾਪੀ ਉਨ੍ਹਾਂ ਦੇ ਵਟਸਐਪ 'ਤੇ ਭੇਜੀ ਗਈ ਤਾਂ ਉਨ੍ਹਾਂ ਨੇ ਜਾਂਚ ਦੇ ਹੁਕਮ ਦਿੱਤੇ।
ਬੱਚੇ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਉਣ ਦੀ ਕੀਤੀ ਕੋਸ਼ਿਸ਼
ਪੀੜਤ ਸਤਪਾਲ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ 4 ਸਾਲਾ ਪੋਤੇ ਨੂੰ ਟਿਊਸ਼ਨ ਤੋਂ ਲੈ ਕੇ ਸਾਈਕਲ 'ਤੇ ਘਰ ਪਰਤ ਰਿਹਾ ਸੀ। ਪਰ ਜਦੋਂ ਉਹ ਮੁਹੱਲਾ ਮੋੜੀ ਦੇ ਮੋੜ 'ਤੇ ਪਹੁੰਚਿਆ ਤਾਂ ਇਕ ਚਿੱਟੇ ਰੰਗ ਦੀ ਕਾਰ ਉਸ ਦੇ ਨੇੜੇ ਆ ਕੇ ਰੁਕੀ, ਜਿਸ ਵਿੱਚ ਇੱਕ ਨੌਜਵਾਨ ਅਤੇ ਇੱਕ ਔਰਤ ਬੈਠੇ ਸਨ। ਉਕਤ ਕਾਰ ਤੋਂ ਇਕ ਨੌਜਵਾਨ ਹੇਠਾਂ ਉਤਰਿਆ ਅਤੇ ਮੇਰੇ ਪੋਤੇ ਨੂੰ ਜ਼ਬਰਦਸਤੀ ਕਾਰ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਪਰ ਮੈਂ ਆਪਣੇ ਪੋਤੇ ਨੂੰ ਨਹੀਂ ਛੱਡਿਆ ਅਤੇ ਇਸੇ ਦੌਰਾਨ ਸੜਕ ਦੇ ਪਾਰ ਤੋਂ ਇੱਕ ਹੋਰ ਕਾਰ ਆ ਗਈ।
ਇਸ ਤੋਂ ਬਾਅਦ ਉਕਤ ਆਪਣੀ ਕਾਰ 'ਚ ਬੈਠ ਕੇ ਫਰਾਰ ਹੋ ਗਏ। ਪੀੜਤ ਸਤਪਾਲ ਨੇ ਪੁਲਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।