ਕਪੂਰਥਲਾ 'ਚ ਇਕ ਐਨ ਆਰ ਆਈ ਦੇ ਘਰ ਦੇ ਬਾਹਰ ਫਾਇਰਿੰਗ ਹੋਈ। ਇਹ ਮਾਮਲਾ ਦੇਰ ਰਾਤ ਪਿੰਡ ਕੋਟ ਕਰਾਰ ਖਾਂ ਤੋਂ ਸਾਹਮਣੇ ਆਇਆ, ਜਿਥੇ ਇਕ NRI ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਗਈ। ਪੁਲਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ
ਰਿਪੋਰਟ ਮੁਤਾਬਕ ਬੀਤੀ ਰਾਤ ਕਰੀਬ 11:30 ਵਜੇ ਪਿੰਡ ਕੋਟ ਕਰਾਰ ਖਾਂ ਵਿੱਚ ਇੱਕ ਐਨਆਰਆਈ ਦੇ ਘਰ ਦੇ ਬਾਹਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਡੀਐਸਪੀ ਸਬ ਡਵੀਜ਼ਨ ਦੀਪ ਕਰਨ ਸਮੇਤ ਸਦਰ ਥਾਣੇ ਦੀ ਪੁਲੀਸ ਟੀਮ ਮੌਕੇ ’ਤੇ ਪੁੱਜੀ ਅਤੇ ਜਾਂਚ ਕੀਤੀ। ਦੱਸਿਆ ਜਾਂਦਾ ਹੈ ਕਿ ਐਨਆਰਆਈ ਪਰਿਵਾਰ ਨੇ ਕੁਝ ਦਿਨ ਪਹਿਲਾਂ ਕੁਝ ਗਰੀਬ ਲੜਕੀਆਂ ਦੇ ਵਿਆਹ ਕਰਵਾਏ ਸਨ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਹ ਹਰਕਤ ਉਸੇ ਵੀਡੀਓ ਤੋਂ ਬਾਅਦ ਕੀਤੀ ਗਈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ।
ਐਨਆਰਆਈ ਦੇ ਘਰ ਦੇ ਬਾਹਰ ਅਣਪਛਾਤੇ ਬਦਮਾਸ਼ਾਂ ਵੱਲੋਂ ਫਾਇਰਿੰਗ ਕਰਨ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਸਬ ਡਵੀਜ਼ਨ ਦੀਪਕਰਨ ਸਮੇਤ ਸਦਰ ਥਾਣੇ ਦੀ ਪੁਲੀਸ ਟੀਮ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਸਾਇੰਸ ਸਿਟੀ ਚੌਕੀ ਦੇ ਇੰਚਾਰਜ ਏਐਸਆਈ ਪਾਲ ਸਿੰਘ ਨੇ ਦੱਸਿਆ ਕਿ ਬਦਮਾਸ਼ਾਂ ਨੇ ਐਨਆਰਆਈ ਬਲਵਿੰਦਰ ਕੁਮਾਰ ਨੂੰ ਫੋਨ ਕਰਕੇ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਐਨਆਰਆਈ ਬਲਵਿੰਦਰ ਕੁਮਾਰ ਡੇਢ ਮਹੀਨਾ ਪਹਿਲਾਂ ਹੀ ਮਨੀਲਾ ਤੋਂ ਆਪਣੇ ਪਿੰਡ ਕਪੂਰਥਲਾ ਪਰਤਿਆ ਸੀ।
NRI ਨੇ ਗਰੀਬ ਧੀਆਂ ਦੇ ਵਿਆਹ ਕਰਵਾਏ ਸਨ
5 ਨਵੰਬਰ ਨੂੰ ਐਨਆਰਆਈ ਬਲਵਿੰਦਰ ਕੁਮਾਰ ਨੇ 10 ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ। ਧੀਆਂ ਦੇ ਵਿਆਹ ਦਾ ਸਾਰਾ ਖਰਚਾ ਬਲਵਿੰਦਰ ਕੁਮਾਰ ਨੇ ਚੁੱਕਿਆ ਸੀ। ਇਸ ਸਮਾਰੋਹ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਸੀ। ਇਨ੍ਹਾਂ ਵੀਡੀਓਜ਼ ਤੋਂ ਬਾਅਦ NRI ਪਰਿਵਾਰ ਬਦਮਾਸ਼ਾਂ ਦੇ ਨਿਸ਼ਾਨੇ 'ਤੇ ਆ ਗਿਆ। ਇਸ ਕਾਰਨ ਬਦਮਾਸ਼ਾਂ ਨੇ ਫਿਰੌਤੀ ਮੰਗਣ ਲਈ ਐਨਆਰਆਈ ਪਰਿਵਾਰ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ।
ਦੱਸ ਦਈਏ ਕਿ 7 ਅਕਤੂਬਰ ਨੂੰ ਕਪੂਰਥਲਾ ਦੇ ਇਕ ਮੋਬਾਈਲ ਸ਼ੋਅਰੂਮ 'ਤੇ ਗੋਲੀਬਾਰੀ ਕਰਕੇ ਫਿਰੌਤੀ ਮੰਗਣ ਦੀ ਘਟਨਾ ਵਾਪਰੀ ਸੀ, ਜਿਸ ਤੋਂ ਬਾਅਦ ਇਲਾਕੇ ਦੇ ਵੱਡੇ ਵਪਾਰਕ ਘਰਾਣੇ ਅਜੇ ਵੀ ਡਰੇ ਹੋਏ ਹਨ। ਫਿਲਹਾਲ ਉਕਤ ਮਾਮਲੇ 'ਚ ਪੁਲਸ ਨੇ ਗੋਲੀ ਚਲਾਉਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਸੁਲਝਾ ਲਿਆ ਸੀ ਪਰ ਇਸ ਘਟਨਾ ਤੋਂ ਡਰਦਿਆਂ ਵੱਡੇ ਕਾਰੋਬਾਰੀਆਂ ਨੇ ਸੋਸ਼ਲ ਮੀਡੀਆ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ।