ਚੰਡੀਗੜ੍ਹ 'ਚ ਸੀਨੀਅਰ ਡਿਪਟੀ ਮੇਅਰ ਦੀ ਚੋਣ ਭਾਜਪਾ ਨੇ ਜਿੱਤ ਲਈ ਹੈ। I.N.D.I.A ਗਠਜੋੜ ਨੂੰ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਸੀਨੀਅਰ ਡਿਪਟੀ ਮੇਅਰ ਲਈ ਭਾਜਪਾ ਉਮੀਦਵਾਰ ਕੁਲਜੀਤ ਸੰਧੂ ਨੂੰ 19 ਅਤੇ 'ਆਪ'-ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਗੈਵੀ ਨੂੰ 16 ਵੋਟਾਂ ਮਿਲੀਆਂ। ਆਪ ਦੇ ਕੌਂਸਲਰ ਰਿਟਰਨਿੰਗ ਅਫਸਰ ਮੇਅਰ ਕੁਲਦੀਪ ਕੁਮਾਰ ਸਨ। ਕੁਲਦੀਪ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਹਨ। ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਉਹ ਕਾਂਗਰਸ ਦੇ ਸਮਰਥਨ ਨਾਲ ਮੇਅਰ ਬਣੇ ਸਨ।
ਇਸ ਤਰ੍ਹਾਂ ਭਾਜਪਾ ਨੇ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਜਿੱਤਿਆ
ਮੇਅਰ ਚੋਣਾਂ ਵੇਲੇ 'ਆਪ'-ਕਾਂਗਰਸ I.N.D.I.A ਗਠਜੋੜ ਕੋਲ ਬਹੁਮਤ ਸੀ। ਉਨ੍ਹਾਂ ਦੀਆਂ 20 ਵੋਟਾਂ ਸਨ, ਜਦਕਿ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਅਕਾਲੀ ਦਲ ਦੀਆਂ ਮਿਲ ਕੇ 16 ਵੋਟਾਂ ਸਨ। ਮੇਅਰ ਚੋਣਾਂ ਤੋਂ ਬਾਅਦ 'ਆਪ' ਦੇ 3 ਕੌਂਸਲਰ ਭਾਜਪਾ 'ਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਹੁਣ ਭਾਜਪਾ ਕੋਲ 17 ਵੋਟਾਂ ਹਨ, ਇੱਕ ਸੰਸਦ ਮੈਂਬਰ ਅਤੇ ਇੱਕ ਅਕਾਲੀ ਦਲ ਦੇ ਕੌਂਸਲਰ ਦੀਆਂ ਮਿਲ ਕੇ 19 ਵੋਟਾਂ ਹਨ। ਆਪ-ਕਾਂਗਰਸ ਕੋਲ ਹੁਣ ਸਿਰਫ਼ 17 ਵੋਟਾਂ ਹਨ ਜਿਨ੍ਹਾਂ ਵਿੱਚ 'ਆਪ' ਦੀਆਂ 10 ਅਤੇ ਕਾਂਗਰਸ ਦੀਆਂ 7 ਵੋਟਾਂ ਹਨ। ਗਠਜੋੜ ਦੇ ਸਮਝੌਤੇ ਅਨੁਸਾਰ ‘ਆਪ’ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਕਾਂਗਰਸ ਨੂੰ ਦਿੱਤੇ ਸਨ।
ਸੰਸਦ ਮੈਂਬਰ ਕਿਰਨ ਖੇਰ ਨੇ ਪਾਈ ਪਹਿਲੀ ਵੋਟ
ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਪਹਿਲੀ ਵੋਟ ਪਾਈ। ਉਨ੍ਹਾਂ ਕਿਹਾ ਹੈ ਕਿ ਦੋਵਾਂ ਪਾਰਟੀਆਂ ਨੂੰ ਪੁਰਾਣੀਆਂ ਗੱਲਾਂ ਭੁੱਲ ਕੇ ਨਵੇਂ ਸਿਰੇ ਤੋਂ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਮਿਲ ਕੇ ਕੰਮ ਕਰਨਾ ਹੈ, ਇਸ ਲਈ ਆਪਸ ਵਿੱਚ ਲੜਨ ਦਾ ਕੋਈ ਫਾਇਦਾ ਨਹੀਂ ਹੈ।