ਲੁਧਿਆਣਾ ਦੇ ਸਦਰ ਥਾਣੇ ਦੀ ਪੁਲਸ ਨੇ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਉਰਫ਼ ਪ੍ਰਿੰਕਲ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਸਿੱਖ ਕਥਾਵਾਚਕ ਨੂੰ ਗਾਲ੍ਹਾਂ ਕੱਢਣ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਦੱਸ ਦੇਈਏ ਕਿ ਕਰੀਬ ਦੋ ਸਾਲ ਪਹਿਲਾਂ ਪ੍ਰਿੰਕਲ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਵਿੱਚ ਸ਼ਾਮਲ ਹੋਏ ਸਨ। ਪ੍ਰਿੰਕਲ ਅਕਸਰ ਵਿਵਾਦਾਂ ਵਿੱਚ ਰਹਿੰਦੇ ਹਨ, ਜਿਸ ਕਾਰਨ ਹੁਣ ਭਾਜਪਾ ਨੇ ਵੀ ਉਨ੍ਹਾਂ ਤੋਂ ਦੂਰੀ ਬਣਾ ਲਈ ਹੈ।
ਕੀ ਬੋਲੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧੀਮਾਨ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਇਸ ਸਬੰਧੀ ਕਿਹਾ ਕਿ ਭਾਜਪਾ ਦਾ ਗੁਰਵਿੰਦਰ ਸਿੰਘ ਪ੍ਰਿੰਕਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਾਰਟੀ ਨੇ ਉਸ ਨੂੰ ਕੱਢ ਦਿੱਤਾ ਹੈ। ਉਨ੍ਹਾਂ ਦਾ ਪਾਰਟੀ ਵਿੱਚ ਕੋਈ ਅਹੁਦਾ ਨਹੀਂ ਹੈ। ਧੀਮਾਨ ਨੇ ਕਿਹਾ ਕਿ ਪ੍ਰਿੰਕਲ ਨੂੰ ਭਾਜਪਾ 'ਚ ਸ਼ਾਮਲ ਹੋਣ ਤੋਂ ਕੁਝ ਮਹੀਨੇ ਬਾਅਦ ਹੀ ਕੱਢ ਦਿੱਤਾ ਗਿਆ ਸੀ।
ਧੀਮਾਨ ਨੇ ਕਿਹਾ ਕਿ ਜੇਕਰ ਕੋਈ ਨਿੱਜੀ ਤੌਰ 'ਤੇ ਕਿਸੇ ਬਾਰੇ ਚੰਗਾ ਜਾਂ ਮਾੜਾ ਬੋਲਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਭਾਜਪਾ ਦਾ ਪ੍ਰਿੰਕਲ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਕਾਰਨ ਸਭ ਨੂੰ ਬੇਨਤੀ ਹੈ ਕਿ ਪ੍ਰਿੰਕਲ ਨੂੰ ਭਾਜਪਾ ਨਾਲ ਨਾ ਜੋੜਿਆ ਜਾਵੇ।
ਜਾਣੋ ਕੀ ਹੈ ਪੂਰਾ ਮਾਮਲਾ
ਸ਼ੋਸ਼ਲ ਮੀਡੀਆ 'ਤੇ ਇਕ ਸਿੱਖ ਕਥਾਵਾਚਕ ਨੂੰ ਗਾਲ੍ਹਾਂ ਕੱਢਣ ਅਤੇ ਧਮਕੀਆਂ ਦੇਣ ਦੇ ਦੋਸ਼ 'ਚ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਉਰਫ਼ ਪ੍ਰਿੰਕਲ ਵਿਰੁੱਧ ਥਾਣਾ ਸਦਰ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਫਿਲਹਾਲ ਦੋਸ਼ੀ ਫਰਾਰ ਹੈ।
ਕਥਾਵਾਚਕ ਹਰਪ੍ਰੀਤ ਸਿੰਘ ਮੱਖੂ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਨੇ ਅੰਮ੍ਰਿਤ ਛਕਿਆ ਹੈ ਤੇ ਉਹ ਭਾਰਤ ਅਤੇ ਵਿਦੇਸ਼ਾਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦਾ ਹੈ। ਉਨ੍ਹਾਂ ਦੇ 7 ਹਜ਼ਾਰ ਤੋਂ ਵੱਧ ਇੰਟਰਵਿਊਜ਼ ਸੋਸ਼ਲ ਮੀਡੀਆ 'ਤੇ ਚੱਲ ਰਹੇ ਹਨ। ਸੋਸ਼ਲ ਮੀਡੀਆ 'ਤੇ ਉਸ ਦਾ ਆਪਣਾ ਚੈਨਲ ਵੀ ਹੈ।
ਹਰਪ੍ਰੀਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗੁਰਵਿੰਦਰ ਸਿੰਘ ਪ੍ਰਿੰਕਲ ਨਾਂ ਦਾ ਵਿਅਕਤੀ ਸੋਸ਼ਲ ਮੀਡੀਆ 'ਤੇ ਅਪਸ਼ਬਦ ਬੋਲ ਰਿਹਾ ਸੀ। ਹਰਪ੍ਰੀਤ ਸਿੰਘ ਅਨੁਸਾਰ ਉਸ ਨੇ ਇਸ ਸਬੰਧੀ ਪ੍ਰਿੰਕਲ ਦੇ ਵਿਰੋਧੀ ਦੀ ਇੰਟਰਵਿਊ ਲਈ ਅਤੇ ਫੇਸਬੁੱਕ 'ਤੇ ਪੋਸਟ ਕਰ ਦਿੱਤੀ।
ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਪ੍ਰਿੰਕਲ ਨੇ ਆਪਣੇ ਮੋਬਾਇਲ ਨੰਬਰ ਤੋਂ ਮੇਰੇ ਮੋਬਾਇਲ 'ਤੇ ਵਟਸਐਪ 'ਤੇ ਕਾਲ ਕੀਤੀ ਅਤੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਹਰਪ੍ਰੀਤ ਨੇ ਦੋਸ਼ ਲਾਇਆ ਕਿ ਪ੍ਰਿੰਕਲ ਨੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਹੈ। ਉਸ ਨੇ ਮੈਨੂੰ ਗਾਲ੍ਹਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ। ਪ੍ਰਿੰਕਲ ਨੇ ਵਟਸਐਪ ਕਾਲ ਰਿਕਾਰਡ ਕੀਤੀ ਅਤੇ ਇਸ ਨੂੰ ਐਡਿਟ ਕਰਕੇ ਆਪਣੇ ਪ੍ਰਿੰਕਲ ਲੁਧਿਆਣਾ ਫੇਸਬੁੱਕ ਪੇਜ 'ਤੇ ਪੋਸਟ ਕੀਤਾ। ਸਮਾਜਕ ਤੌਰ 'ਤੇ ਪ੍ਰਿੰਕਲ ਨੇ ਮੇਰਾ ਅਕਸ ਖਰਾਬ ਕੀਤਾ ਹੈ।