ਜੰਮੂ-ਕਸ਼ਮੀਰ 'ਚ ਪਿਛਲੇ ਇਕ ਸਾਲ ਤੋਂ ਲਗਾਤਾਰ ਅੱਤਵਾਦੀਆਂ ਦੀ ਘੁਸਪੈਠ ਕਾਰਨ ਗ੍ਰਹਿ ਮੰਤਰਾਲੇ ਨੇ ਵੱਡੀ ਕਾਰਵਾਈ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਸੀਮਾ ਸੁਰੱਖਿਆ ਬਲ (BSF) ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਬੀਐਸਐਫ ਦੇ ਸਪੈਸ਼ਲ ਡੀਜੀ ਵਾਈਬੀ ਖੁਰਾਨੀਆ ਨੂੰ ਵੀ ਹਟਾ ਕੇ ਉੜੀਸਾ ਕੇਡਰ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ। ਜਦੋਂ ਕਿ ਨਿਤਿਨ ਅਗਰਵਾਲ ਨੂੰ ਉਸ ਦੇ ਜੱਦੀ ਕੇਰਲਾ 'ਚ ਵਾਪਸ ਭੇਜ ਦਿੱਤਾ ਗਿਆ ਹੈ।
ਅੱਤਵਾਦੀ ਘੁਸਪੈਠ ਨੂੰ ਲੈ ਕੇ ਕੀਤੀ ਗਈ ਕਾਰਵਾਈ
ਗ੍ਰਹਿ ਮੰਤਰਾਲੇ ਨੇ ਇਸ ਕਦਮ ਨੂੰ ਸਮੇਂ ਤੋਂ ਪਹਿਲਾਂ ਵਾਪਸੀ ਕਿਹਾ ਹੈ। ਜੇਕਰ ਪਿਛਲੇ ਮਹੀਨੇ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅੱਤਵਾਦੀ ਹਮਲੇ ਦੇਖਣ ਨੂੰ ਮਿਲੇ ਹਨ। ਜਿਸ ਵਿੱਚ ਕਈ ਜਵਾਨ ਸ਼ਹੀਦ ਹੋ ਚੁੱਕੇ ਹਨ। ਇਸ ਲਈ ਅੱਤਵਾਦੀਆਂ ਦੀ ਘੁਸਪੈਠ ਕਾਰਨ ਡੀਜੀ ਬੀਐਸਐਫ ਅਤੇ ਸਪੈਸ਼ਲ ਡੀਜੀ ਬੀਐਸਐਫ ਨੂੰ ਹਟਾਉਣ ਦੀ ਮੁੱਖ ਵਜ੍ਹਾ ਹੈ।
ਲਗਾਤਾਰ ਹੋ ਰਹੀ ਹੈ ਘੁਸਪੈਠ
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀ ਘੁਸਪੈਠ ਨੂੰ ਲੈ ਕੇ ਭਾਰਤ ਸਰਕਾਰ ਦੀ ਇਹ ਸਭ ਤੋਂ ਵੱਡੀ ਪ੍ਰਸ਼ਾਸਨਿਕ ਕਾਰਵਾਈ ਹੈ, ਜਿਸ ਦਾ ਦੋਸ਼ ਸੀਨੀਅਰ ਅਧਿਕਾਰੀਆਂ 'ਤੇ ਪਿਆ ਹੈ। ਇਸ ਤੋਂ ਇਲਾਵਾ ਪੰਜਾਬ 'ਚੋਂ ਲਗਾਤਾਰ ਹੋ ਰਹੀ ਅੱਤਵਾਦੀਆਂ ਦੀ ਘੁਸਪੈਠ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕਰਨ 'ਚ ਅਸਮਰਥ ਰਹਿਣਾ ਵੀ ਇਸ ਕਾਰਵਾਈ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।
ਜਲਦੀ ਹੀ ਨਵੇਂ ਅਧਿਕਾਰੀ ਕੀਤੇ ਜਾਣਗੇ ਨਿਯੁਕਤ
ਪਿਛਲੇ ਕਈ ਸਾਲਾਂ 'ਚ ਇਹ ਪਹਿਲੀ ਵਾਰ ਹੈ ਦੋ ਸੀਨੀਅਰ ਅਧਿਕਾਰੀਆਂ ਨੂੰ ਇਸ ਤਰ੍ਹਾਂ ਹਟਾਇਆ ਗਿਆ ਹੈ , ਜੋ ਕਿਸੇ ਨੀਮ ਫੌਜੀ ਬਲਾਂ ਦੀ ਅਗਵਾਈ ਕਰ ਰਹੇ ਸਨ | ਜਾਣਕਾਰੀ ਅਨੁਸਾਰ ਜਲਦੀ ਹੀ ਨਵੇਂ ਅਧਿਕਾਰੀ ਨਿਯੁਕਤ ਕੀਤੇ ਜਾਣਗੇ।
ਨਿਤਿਨ 1989 ਬੈਚ ਦੇ ਅਤੇ ਖੁਰਾਨੀਆ 1990 ਬੈਚ ਦੇ ਕੇਡਰ ਦੇ ਅਧਿਕਾਰੀ
ਦੱਸ ਦੇਈਏ ਕਿ ਡੀਜੀ ਬੀਐਸਐਫ ਨਿਤਿਨ ਅਗਰਵਾਲ 1989 ਬੈਚ ਦੇ ਕੇਰਲ ਕੇਡਰ ਦੇ ਅਧਿਕਾਰੀ ਹਨ, ਜਦਕਿ ਖੁਰਾਨੀਆ 1990 ਬੈਚ ਦੇ ਓਡੀਸ਼ਾ ਕੇਡਰ ਦੇ ਅਧਿਕਾਰੀ ਹਨ। ਅਗਰਵਾਲ ਨੇ ਪਿਛਲੇ ਸਾਲ ਜੂਨ ਵਿੱਚ ਬੀਐਸਐਫ ਦਾ ਚਾਰਜ ਸੰਭਾਲਿਆ ਸੀ। ਇਸ ਦੇ ਨਾਲ ਹੀ ਖੁਰਾਨੀਆ ਸਪੈਸ਼ਲ ਡੀਜੀ (ਪੱਛਮ) ਵਜੋਂ ਪਾਕਿਸਤਾਨ ਸਰਹੱਦ 'ਤੇ ਫੋਰਸ ਦੇ ਗਠਨ ਦੀ ਅਗਵਾਈ ਕਰ ਰਹੇ ਸਨ।