ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ BYJU'S ਦੇ ਬ੍ਰਾਂਡ ਨੇ ਆਪਣੇ 292 ਟਿਊਸ਼ਨ ਕੇਂਦਰਾਂ ਵਿੱਚੋਂ 30 ਬੰਦ ਕਰ ਦਿੱਤੇ ਹਨ। ਇਸ ਬ੍ਰਾਂਡ ਦੀ ਮਾਲਕੀ ਵਾਲੀ ਕੰਪਨੀ ਥਿੰਕ ਐਂਡ ਲਰਨ ਲਿਮਿਟੇਡ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਖਰਚੇ ਘੱਟ ਕਰਨ ਲਈ ਦੇਸ਼ ਭਰ 'ਚ ਇਨ੍ਹਾਂ ਟਿਊਸ਼ਨ ਸੈਂਟਰਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ ਇਸ ਦੇ ਬਾਕੀ 262 ਟਿਊਸ਼ਨ ਸੈਂਟਰ ਪਹਿਲਾਂ ਵਾਂਗ ਹਾਈਬ੍ਰਿਡ ਮਾਡਲ 'ਤੇ ਕੰਮ ਕਰਦੇ ਰਹਿਣਗੇ।
BYJU'S ਬ੍ਰਾਂਡ ਨੇ ਆਪਣੇ ਬਿਆਨ 'ਚ ਕਿਹਾ ਕਿ ਉਹਨਾਂ ਨੂੰ ਆਪਣੇ ਅਧਿਆਪਕਾਂ ਦੀ ਸਖਤ ਮਿਹਨਤ ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ 'ਤੇ ਮਾਣ ਹੈ। ਇਹ ਅਧਿਆਪਨ ਵਿੱਚ ਗੁਣਵੱਤਾ 'ਤੇ ਧਿਆਨ ਕੇਂਦਰਤ ਕਰ ਰਿਹਾ ਹੈ, ਜੋ ਇਸਦੇ ਜ਼ਿਆਦਾਤਰ ਕੇਂਦਰਾਂ ਨੂੰ ਤੀਜੇ ਸਾਲ ਵਿੱਚ ਲਾਭਦਾਇਕ ਬਣਾਉਣ ਵਿੱਚ ਮਦਦ ਕਰ ਰਿਹਾ ਹੈ।
ਕੋਰੋਨਾ ਤੋਂ ਬਾਅਦ ਆਈਆਂ ਸਮੱਸਿਆਵਾਂ
ਦੱਸ ਦਈਏ ਕਿ ਕੋਰੋਨਾ ਦੇ ਦੌਰ 'ਚ BYJU'S ਕੰਪਨੀ ਨੇ ਦੇਸ਼ ਭਰ 'ਚ ਤੇਜ਼ੀ ਨਾਲ ਵਿਸਤਾਰ ਕੀਤਾ ਸੀ। ਉਸ ਸਮੇਂ, ਕੋਰੋਨਾ ਦੇ ਕਾਰਨ, ਦੇਸ਼ ਭਰ ਵਿੱਚ ਸਕੂਲ ਬੰਦ ਸਨ ਅਤੇ ਵਿਦਿਆਰਥੀਆਂ ਕੋਲ ਪੜ੍ਹਨ ਲਈ ਇੰਟਰਨੈਟ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ। ਫਿਰ BYJU'S ਨੇ ਔਨਲਾਈਨ ਸਿੱਖਿਆ ਦਾ ਮਾਡਲ ਵਿਕਸਤ ਕੀਤਾ ਅਤੇ ਇਸ ਨੂੰ ਦੇਸ਼ ਭਰ ਵਿੱਚ ਫੈਲਾਇਆ।
ਸਟਾਫ਼ ਦੀਆਂ ਤਨਖਾਹਾਂ ਦੇਣ ਵਿੱਚ ਆ ਰਹੀਆਂ ਮੁਸ਼ਕਲਾਂ
ਜਿਵੇਂ ਹੀ ਦੇਸ਼ ਵਿੱਚ ਕਰੋਨਾ ਦਾ ਅੰਤ ਸ਼ੁਰੂ ਹੋਇਆ। ਸਕੂਲ ਤੇ ਕਾਲਜ ਫਿਰ ਤੋਂ ਕੰਮ ਕਰਨ ਲੱਗੇ। ਇਸ ਦੇ ਨਾਲ ਹੀ ਆਨਲਾਈਨ ਪੜ੍ਹਾਈ ਦਾ ਕ੍ਰੇਜ਼ ਵੀ ਹੌਲੀ-ਹੌਲੀ ਘਟਦਾ ਗਿਆ। ਜਿਸ ਕਾਰਨ BYJU'S ਕੰਪਨੀ ਮੁਸੀਬਤ ਵਿੱਚ ਹੈ। ਕੰਪਨੀ ਨੂੰ ਇਹਨਾਂ ਟਿਊਸ਼ਨ ਸੈਂਟਰਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਅਤੇ ਹੋਰ ਸਟਾਫ਼ ਨੂੰ ਤਨਖਾਹ ਦੇਣ ਲਈ ਫੰਡਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਪਿਆਂ ਨੂੰ ਵੀ ਮੁਸ਼ਕਲਾਂ ਦਾ ਕਰਨਾ ਪੈ ਰਿਹਾ ਸਾਹਮਣਾ
ਅਜਿਹੇ 'ਚ ਕੰਪਨੀ ਨੇ ਖਰਚਾ ਘੱਟ ਕਰਨ ਲਈ ਕੁਝ ਟਿਊਸ਼ਨ ਸੈਂਟਰ ਬੰਦ ਕਰਨ ਦਾ ਰਾਹ ਅਪਣਾਇਆ ਹੈ। ਇਨ੍ਹਾਂ ਕੇਂਦਰਾਂ ਦੇ ਬੰਦ ਹੋਣ ਨਾਲ ਉਨ੍ਹਾਂ ਮਾਪਿਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਨ੍ਹਾਂ ਵਿੱਚ ਦਾਖ਼ਲ ਕਰਵਾਇਆ ਸੀ।