ਖ਼ਬਰਿਸਤਾਨ ਨੈੱਟਵਰਕ- ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ ‘ਸਰਦਾਰਜੀ 3’ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਕਾਫੀ ਦਿਨਾਂ ਤੋਂ ਗਰਮ ਰਿਹਾ। ਦੱਸ ਦੇਈਏ ਕਿ ਇਹ ਫਿਲਮ 27 ਜੂਨ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦਾ ਟ੍ਰੇਲਰ 22 ਜੂਨ ਨੂੰ ਰਿਲੀਜ਼ ਹੋਇਆ ਸੀ, ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਮੌਜੂਦਗੀ ਨਾਲ ਵਿਵਾਦ ਸ਼ੁਰੂ ਹੋਇਆ ਸੀ। ਇਸਦੇ ਨਾਲ ਹੀ ਦਿਲਜੀਤ ਨੂੰ ਟ੍ਰੋਲ ਵੀ ਕੀਤਾ ਗਿਆ, ਜਿਸ ਤੋਂ ਬਾਅਦ ਕਈ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਦੇ ਹੱਕ ਵਿਚ ਆਏ ਤੇ ਕਈਆਂ ਨੇ ਵਿਰੋਧ ਵੀ ਕੀਤਾ। ਜ਼ਿਕਰਯੋਗ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਵਰਗੇ ਹਾਲਾਤ ਬਣੇ ਰਹੇ। ਇਸ ਤੋਂ ਬਾਅਦ ਫਿਲਮ ਵਿਚ ਪਾਕਿਸਤਾਨੀ ਅਦਾਕਾਰਾ ਹਾਨੀਆਂ ਆਮਿਰ ਦੇ ਕੰਮ ਕਰਨ ਨੂੰ ਲੈ ਕੇ ਲੋਕ ਦਲਜੀਤ ਨੂੰ ਗਲਤ ਠਹਿਰਾਉਣ ਲੱਗੇ ਹਾਲਾਂਕਿ ਇਹ ਫਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ।
ਪੰਜਾਬ ਗਾਇਕ ਬੱਬੂ ਮਾਨ ਨੇ ਦਿਲਜੀਤ ਦੋਸਾਂਝ ਨੂੰ ਕੀਤੀ ਸਪੋਰਟ

ਹੁਣ ਗਾਇਕ ਬੱਬੂ ਮਾਨ ਨੇ ਵੀ ਦਿਲਜੀਤ ਦੋਸਾਂਝ ਨੂੰ ਸਪੋਰਟ ਕੀਤੀ ਹੈ। ਦਿਲਜੀਤ ਦੇ ਹੱਕ ਵਿੱਚ ਬੋਲਦੇ ਹੋਏ ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਟ੍ਰੋਲਰਸ ਨੂੰ ਜਵਾਬ ਦਿੱਤਾ ਹੈ। ਗਾਇਕ ਨੇ ਕਿਹਾ ਕਿ ਪੰਜਾਬ ਪੰਜਾਬੀਅਤ ਜ਼ਿੰਦਾਬਾਦ…ਜਿਉ ਪੋਲੀਟਿਕਸ ਵਿੱਚ ਅਚਾਨਕ ਦੋ ਮੁਲਕ ਲੜਦੇ ਹਨ ਤੇ ਭਵਿੱਖ ਵਿਚ ਫੇਰ ਇਕੱਠੇ ਹੋ ਜਾਂਦੇ ਹਨ…!!!! ਆਰਟਿਸਟ ਦੀ ਫ਼ਿਲਮ ਨੂੰ ਸੈਂਸਰ ਸਰਟੀਫਿਕੇਟ ਦਿੰਦਾ ਹੈ, ਕਈ ਵਾਰੀ ਉਹ ਸਰਟੀਫਿਕੇਟ ਨਹੀਂ ਵੀ ਦਿੰਦੇ,
ਇਸ ਤਰਾਂ ਦੀਆਂ ਪ੍ਰੋਬਲਮਜ਼ ਸਾਨੂੰ ਹਵਾਏਂ ਵੇਲੇ ਵੀ ਆਈਆਂ ਸਨ ਪਰ ਕਿਸੇ ਕਲਾਕਾਰ ਨੂੰ ਭਵਿੱਖ ਚ ਕੰਮ ਨਾ ਕਰਨ ਦੇਣਾ ਇਹ ਨਾਦਰ ਸ਼ਾਹੀ ਫ਼ਰਮਾਨ ਹੈ…!!!! ਕਲਾਕਾਰਾਂ ਦੇ ਅਲੱਗ ਅਲੱਗ ਵਿਚਾਰ ਹੋ ਸਕਦੇ ਹਨ ਪਰ ਜਿੱਥੇ ਗੱਲ ਪੰਜਾਬ ਤੇ ਪੰਜਾਬੀਅਤ ਦੀ ਆਉਂਦੀ ਹੈ,ਅਸੀਂ ਦਿਲਜੀਤ ਅਤੇ ਵਾਈਟ ਹਿੱਲ ਦੀ ਡੱਟ ਕੇ ਸਪੋਰਟ ਕਰਦੇ ਆ…. ਪੰਜਾਬੀ ਫ਼ਿਲਮਾਂ ਦਾ ਸੈਂਸਰ ਬੋਰਡ ਪੰਜਾਬ ਵਿੱਚ ਹੀ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝ ਸਕੀਏ,
ਆਓ ਨਿੱਜ ਨੂੰ ਛੱਡ ਕੇ
ਪੰਜਾਬ ਪੰਜਾਬੀਅਤ ਦੀ ਗੱਲ ਕਰੀਏ
ਆਪਣੇ ਕਬੀਲੇ ਦੀ ਚੜਦੀ ਕਲਾ ਦੀ ਗੱਲ ਕਰੀਏ।
ਭਾਰਤ ਵਿਚ ਰਿਲੀਜ਼ ਨਹੀਂ ਹੋਈ ਸਰਦਾਰ ਜੀ 3
ਜ਼ਿਕਰਯੋਗ ਹੈ ਕਿ ਸਰਦਾਰ ਜੀ 3 ਪੰਜਾਬੀ ਫਿਲਮ ਭਾਰਤ ਵਿਚ ਰਿਲੀਜ਼ ਨਹੀਂ ਹੋਈ। ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਭਾਰਤ ਵਿੱਚ ਕਾਫੀ ਵਿਵਾਦ ਹੋਇਆ। ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਜ਼ਰ ਆ ਰਹੀ ਹੈ। ਫਿਲਮ ਵਿੱਚ ਹਾਨੀਆ ਆਮਿਰ ਮੁੱਖ ਭੂਮਿਕਾ ਵਿੱਚ ਹੈ। ਇਸ ਕਾਰਨ ਕਰਕੇ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਈ।