ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਫਿਊਮ ਛਿੜਕਣ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਪਾਲਕੀ ਸਾਹਿਬ 'ਤੇ ਪ੍ਰਫਿਊਮ ਛਿੜਕਿਆ ਜਾਂਦਾ ਸੀ ਪਰ ਹੁਣ ਇਸ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਤਰ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਦਰਅਸਲ, ਪ੍ਰਫਿਊਮ ਦਾ ਅਧਾਰ ਸ਼ਰਾਬ ਹੈ। ਪਰਫਿਊਮ 'ਚ ਕਈ ਹਾਨੀਕਾਰਕ ਕੈਮੀਕਲ ਵੀ ਹੁੰਦੇ ਹਨ। ਸਿੱਖ ਮਰਿਯਾਦਾ ਵਿੱਚ ਸ਼ਰਾਬ ਦਾ ਸੇਵਨ ਗਲਤ ਮੰਨਿਆ ਗਿਆ ਹੈ। ਇਸ ਕਾਰਨ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪ੍ਰਫਿਊਮ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਵੇਗੀ।
ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਇਹ ਹੁਕਮ ਜਾਰੀ ਕੀਤੇ ਗਏ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਜੇ ਤਕ ਇਸ ਸਬੰਧੀ ਕੋਈ ਲਿਖਤੀ ਆਦੇਸ਼ ਜਾਰੀ ਨਹੀਂ ਹੋਇਆ ਹੈ।