ਬਟਾਲਾ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ 'ਚ ਇਕ ਗੈਂਗਸਟਰ ਗੋਲੀਆਂ ਨਾਲ ਜ਼ਖਮੀ ਹੋ ਗਿਆ ਹੈ ਅਤੇ ਉਸ ਦੇ 6 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਸਾਰੇ ਗੈਂਗਸਟਰ ਹੈਰੀ ਚੱਠਾ ਦੇ ਨਾਂ 'ਤੇ ਧਮਕੀਆਂ ਦਿੰਦੇ ਸਨ ਅਤੇ ਫਿਰੌਤੀ ਮੰਗਦੇ ਸਨ। ਗੌਰਵ ਯਾਦਵ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਟਵੀਟ ਕਰਕੇ ਡੀਜੀਪੀ ਨੇ ਦਿੱਤੀ ਜਾਣਕਾਰੀ
ਡੀਜੀਪੀ ਗੌਰਵ ਯਾਦਵ ਨੇ ਟਵੀਟ ਕੀਤਾ ਕਿ ਪੁਲਿਸ ਸ਼ੁਰੂ ਤੋਂ ਹੀ ਹੈਰੀ ਚੱਠਾ ਦੇ ਗਿਰੋਹ 'ਤੇ ਨਜ਼ਰ ਰੱਖ ਰਹੀ ਸੀ। ਇਨ੍ਹਾਂ ਗੈਂਗਸਟਰਾਂ ਦਾ ਪਤਾ ਲੱਗਦੇ ਹੀ ਪੁਲਿਸ ਟੀਮ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੀ। ਪਰ ਗੈਂਗਸਟਰਾਂ ਨੇ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਇੱਕ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗ ਗਈ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਹਥਿਆਰ ਵੀ ਕੀਤੇ ਬਰਾਮਦ
ਪੁਲਿਸ ਨੇ ਇਸ ਮਾਮਲੇ 'ਚ ਵੱਖ-ਵੱਖ ਅਪਰਾਧਾਂ 'ਚ ਵਰਤੇ ਗਏ 4 ਪਿਸਤੌਲ ਬਰਾਮਦ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਪੁਲਿਸ ਨੇ 14 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਹਥਿਆਰ ਗਿਰੋਹ ਦੇ ਕੋਲ ਕਿੱਥੋਂ ਪਹੁੰਚੇ, ਇਸ ਬਾਰੇ ਵੀ ਜਾਣਕਾਰੀ ਲਈ ਜਾ ਰਹੀ ਹੈ।