ਕਪੂਰਥਲਾ ਦੇ ਪਿੰਡ ਨਰੂੜ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਆਪਣੇ ਸਹੁਰਿਆਂ ਤੋਂ ਦੁਖੀ ਹੋ ਕੇ ਖੁਦ ਨੂੰ ਅੱਗ ਲਗਾ ਲਈ। ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਸਵਿੰਦਰ ਦੇ ਭਰਾ ਹੈਪੀ ਨੇ ਦੱਸਿਆ ਕਿ ਉਸ ਦੇ ਭਰਾ ਜਸਵਿੰਦਰ ਦਾ ਵਿਆਹ 7 ਸਾਲ ਪਹਿਲਾਂ ਬਹਿਰਾਮ ਦੀ ਰਹਿਣ ਵਾਲੀ ਇਕ ਲੜਕੀ ਨਾਲ ਹੋਇਆ ਸੀ। ਭਰਾ ਦੇ ਦੋ ਬੱਚੇ ਹਨ, ਇੱਕ ਪੁੱਤਰ ਅਤੇ ਇੱਕ ਧੀ।
ਤੰਗ ਆ ਕੇ ਇਹ ਕਦਮ ਚੁੱਕਿਆ
ਹੈਪੀ ਨੇ ਦੱਸਿਆ ਕਿ ਭਰਾ ਜਸਵਿੰਦਰ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਭਰਜਾਈ ਬੋਲ ਨਹੀਂ ਸਕਦੀ ਪਰ ਇਸ ਦੇ ਬਾਵਜੂਦ ਉਸ ਦੇ ਸਹੁਰੇ ਉਸ ਦੇ ਭਰਾ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਕਈ ਵਾਰ ਉਸ ਦੀ ਕੁੱਟ-ਮਾਰ ਵੀ ਕਰਦੇ ਸਨ। ਨਾਲ ਹੀ ਹੈਪੀ ਨੇ ਦੱਸਿਆ ਕਿ ਜਸਵਿੰਦਰ ਅਕਸਰ ਬੱਚਿਆਂ ਨੂੰ ਮਿਲਣ ਲਈ ਆਪਣੀ ਪਤਨੀ ਦੇ ਘਰ ਜਾਂਦਾ ਸੀ ਪਰ ਉਸ ਦੇ ਸਹੁਰੇ ਵਾਲੇ ਉਸ ਨੂੰ ਆਪਣੇ ਬੱਚਿਆਂ ਨਾਲ ਮਿਲਣ ਨਹੀਂ ਦਿੰਦੇ ਸਨ। ਇਸ ਕਾਰਨ ਉਹ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ। ਜਦੋਂ ਉਸ ਨੇ ਕਮਰੇ 'ਚ ਬੰਦ ਕਰ ਕੇ ਆਪਣੇ ਆਪ ਨੂੰ ਅੱਗ ਲਗਾ ਲਈ ਤਾਂ ਆਂਢ-ਗੁਆਂਢ ਦੇ ਲੋਕਾਂ ਨੇ ਕਿਸੇ ਤਰ੍ਹਾਂ ਪਰਿਵਾਰ ਨੂੰ ਸੂਚਿਤ ਕੀਤਾ।
ਹਾਦਸੇ 'ਚ 80 ਫੀਸਦੀ ਝੁਲਸਿਆ
ਇਸ ਤੋਂ ਬਾਅਦ ਜਸਵਿੰਦਰ ਨੂੰ ਜਲੰਧਰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮੌਕੇ 'ਤੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ।ਐਸ.ਆਈ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਦੇ ਬਿਆਨ ਦਰਜ ਨਹੀਂ ਕੀਤੇ ਗਏ ਹਨ। ਬਿਆਨ ਦਰਜ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਡਾਕਟਰ ਮੁਤਾਬਕ ਪੀੜਤ 80 ਫੀਸਦੀ ਸੜ ਚੁੱਕਾ ਹੈ।