ਜਲੰਧਰ ਦੇ ਸਿਵਲ ਹਸਪਤਾਲ 'ਚੋਂ ਇਕ ਕੈਦੀ ਪੁਲਸ ਹਿਰਾਸਤ 'ਚੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਜੀਆਰਪੀ (ਸਰਕਾਰੀ ਰੇਲਵੇ ਪੁਲਿਸ) ਪ੍ਰਸ਼ਾਸਨ ਹਤਾਸ਼ ਹੋ ਗਿਆ ਅਤੇ ਹੁਣ ਕੈਦੀ ਦੀ ਭਾਲ ਵਿੱਚ ਜੁਟ ਗਿਆ ਹੈ। ਦੱਸ ਦੇਈਏ ਕਿ ਹੁਣ ਤੱਕ ਉਕਤ ਕੈਦੀ ਪੁਲਸ ਦੇ ਹੱਥ ਨਹੀਂ ਲੱਗਾ। ਪੁਲਸ ਨੇ ਕੈਦੀ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਲਿਆਂਦਾ ਸੀ। ਪੁਲਸ ਨੇ ਇਸ ਸਬੰਧੀ ਥਾਣਾ ਨੰਬਰ 4 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਸ ਨੂੰ ਚਕਮਾ ਦੇ ਕੇ ਕੈਦੀ ਫਰਾਰ
ਜੀਆਰਪੀ ਥਾਣੇਦਾਰ ਪਲਵਿੰਦਰ ਸਿੰਘ ਅਨੁਸਾਰ ਜਲੰਧਰ ਜੀਆਰਪੀ ਪੁਲਸ ਨੇ ਮੁਲਜ਼ਮ ਸੁਖਵੀਰ ਸਿੰਘ ਉਰਫ਼ ਸੁੱਖਾ ਨੂੰ 379, 411 ਅਤੇ 201 ਦੇ ਕੇਸਾਂ ਵਿੱਚ ਗ੍ਰਿਫ਼ਤਾਰ ਕੀਤਾ ਸੀ। ਸ਼ਨੀਵਾਰ ਨੂੰ ਦੋਸ਼ੀ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਦੌਰਾਨ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਮੁਲਜ਼ਮ ਨੇ ਭੀੜ ਦਾ ਫਾਇਦਾ ਉਠਾਇਆ
ਦੱਸਿਆ ਜਾ ਰਿਹਾ ਹੈ ਕਿ ਸਿਵਲ ਹਸਪਤਾਲ 'ਚ ਕਾਫੀ ਭੀੜ ਸੀ ਅਤੇ ਇਸ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀ ਫਰਾਰ ਹੋ ਗਿਆ। ਉਸ ਦੀ ਕਈ ਥਾਵਾਂ 'ਤੇ ਭਾਲ ਕੀਤੀ ਗਈ ਪਰ ਕੋਈ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਥਾਣਾ ਨੰਬਰ 4 ਦੀ ਪੁਲਸ ਨੂੰ ਦਿੱਤੀ ਗਈ। ਪੁਲਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।