ਕੇਂਦਰੀ ਸਿੱਖ ਅਜਾਇਬ ਘਰ ’ਚੋਂ ਭਗਤ ਸਿੰਘ ਦੀ ਤਸਵੀਰ ਹਟਾਈ ਜਾਵੇ: ਸਿਮਰਨਜੀਤ ਮਾਨ ਨੇ ਕੀਤੀ ਸ਼੍ਰੋਮਣੀ ਕਮੇਟੀ ਤੋਂ ਮੰਗ
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚੋਂ ਹਟਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਮੰਗ ਪੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਂ ਕਮੇਟੀ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ। ਮਾਨ ਦਲ ਵੱਲੋਂ ਇਹ ਪੱਤਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ, ਹਰਪਾਲ ਸਿੰਘ ਬਲੇਰ ਤੇ ਹਰਬੀਰ ਸਿੰਘ ਸੰਧੂ ਨੇ ਸੌਂਪਿਆ ਹੈ।
ਪੱਤਰ ਵਿੱਚ ਉਨ੍ਹਾਂ ਲਿਖਿਆ ਕਿ ਸ਼ਹੀਦ ਭਗਤ ਸਿੰਘ ਖੁਦ ਨੂੰ ਨਾਸਤਿਕ ਮੰਨਦਾ ਸੀ ਤੇ ਉਹ ਕਿਸੇ ਧਰਮ ਜਾਂ ਪ੍ਰਮਾਤਮਾ ਵਿੱਚ ਭਰੋਸਾ ਨਹੀਂ ਸੀ ਰੱਖਦਾ। ਇਸ ਗੱਲ ਦਾ ਪ੍ਰਗਟਾਵਾ ਭਗਤ ਸਿੰਘ ਵੱਲੋਂ ਆਪਣੀ ਇੱਕ ਚਿੱਠੀ ਵਿੱਚ ਵੀ ਕੀਤਾ ਗਿਆ ਹੈ, ਜਿਸ ਦੀ ਕਾਪੀ ਸ਼੍ਰੋਮਣੀ ਕਮੇਟੀ ਨੂੰ ਵੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਕਿਸੇ ਧਰਮ ਵਿੱਚ ਵਿਸ਼ਵਾਸ ਹੀ ਨਹੀਂ ਰੱਖਦਾ ਤਾਂ ਫਿਰ ਉਸ ਦੀ ਤਸਵੀਰ ਨੂੰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਕਿਉਂ ਲਗਾਇਆ ਗਿਆ ਹੈ। ਉਸ ਦੀ ਤਸਵੀਰ ਨੂੰ ਅਜਾਇਬ ਘਰ ਵਿੱਚ ਲਾਉਣਾ ਮੂਰਤੀ ਪੂਜਾ ਨੂੰ ਉਤਸ਼ਾਹਿਤ ਕਰਨਾ ਹੈ।
ਸਿੱਖ ਆਗੂਆਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਹਟਾਉਣ ਦੀ ਮੰਗ ਕਰਦਿਆਂ ਆਖਿਆ ਕਿ ਜੇਕਰ ਇਸ ਨੂੰ ਨਹੀਂ ਹਟਾਇਆ ਗਿਆ ਤਾਂ ਉਹ ਇਸ ਮਾਮਲੇ ਬਾਰੇ ਸੰਗਤ ਨੂੰ ਜਾਣੂ ਕਰਾਉਣਗੇ। ਉੱਧਰ, ਕੇਂਦਰੀ ਅਜਾਇਬਘਰ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦੀ ਲਗਾਈ ਤਸਵੀਰ ਹੇਠਾਂ ਪਹਿਲਾਂ ਹੀ ਇਹ ਦਰਜ ਕੀਤਾ ਹੋਇਆ ਹੈ ਕਿ ਭਗਤ ਸਿੰਘ ਨੇ ਸ਼ਹੀਦੀ ਤੋਂ ਪਹਿਲਾਂ ਭਾਈ ਰਣਧੀਰ ਸਿੰਘ ਨਾਲ ਹੋਈ ਮੁਲਾਕਾਤ ਤੋਂ ਬਾਅਦ ਮੁੜ ਸਿੱਖੀ ਧਾਰਨ ਕਰ ਲਈ ਸੀ।
'Bhagat Singh'