ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਸਾਨਾਂ ਨੇ 18 ਅਗਸਤ ਨੂੰ ਟੋਲ ਪਲਾਜ਼ਾ ’ਤੇ ਧਰਨਾ ਦੇਣ ਦਾ ਫੈਸਲਾ ਵਾਪਸ ਲੈ ਲਿਆ ਹੈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟੋਲ ਪਲਾਜ਼ਾ ਪ੍ਰਬੰਧਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਕੀਤੀ ਗਈ ਤਾਂ ਉਹ ਪੱਕੇ ਤੌਰ ’ਤੇ ਟੋਲ ’ਤੇ ਬੈਠਣ ਲਈ ਮਜਬੂਰ ਹੋਣਗੇ। ਇਸ ਦੇ ਨਾਲ ਹੀ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਮੀਟਿੰਗ 'ਚ ਕੁਝ ਗੱਲਾਂ 'ਤੇ ਸਹਿਮਤੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਕਿਸਾਨ ਜਥੇਬੰਦੀਆਂ ਨਾਲ ਹੋਈ ਮੀਟਿੰਗ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਦੁਆਬਾ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਸਮੇਤ ਕਈ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਅੱਜ ਪੁਲੀਸ ਕਮਿਸ਼ਨਰ ਜਸਕਰਨਜੀਤ ਸਿੰਘ ਤੇਜਾ, ਏ.ਡੀ.ਸੀ.ਪੀ 3- ਸ਼ੁਭਮ ਅਗਰਵਾਲ, ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।
ਟੋਲ 'ਤੇ ਕਿਸਾਨਾਂ ਨਾਲ ਹੋ ਰਿਹਾ ਹੈ ਦੁਰਵਿਵਹਾਰ - ਪ੍ਰਧਾਨ ਦਿਲਬਾਗ
ਮੀਟਿੰਗ ਦੌਰਾਨ ਕਿਸਾਨ ਜਥੇਬੰਦੀਆਂ ਨੇ ਸਾਂਝੇ ਪੁਲਸ ਕਮਿਸ਼ਨਰ ਨੂੰ ਦੱਸਿਆ ਕਿ ਜਿਸ ਦਿਨ ਤੋਂ ਹਾਈ ਕੋਰਟ ਦੇ ਹੁਕਮਾਂ ’ਤੇ ਟੋਲ ਪਲਾਜ਼ਾ ਖੋਲ੍ਹਿਆ ਗਿਆ ਹੈ, ਉਸ ਦਿਨ ਤੋਂ ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਕਿਸਾਨਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਲਈ ਟੋਲ ਪਲਾਜ਼ਾ ਮੁਫਤ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।
ਪ੍ਰਧਾਨ ਦਿਲਬਾਗ ਨੇ ਕਿਹਾ ਕਿ ਹੁਣ ਕਿਸਾਨ ਯੂਨੀਅਨਾਂ ਤੋਂ ਉਨ੍ਹਾਂ ਦੇ ਸ਼ਨਾਖਤੀ ਕਾਰਡ ਦੇਖ ਕੇ ਵਸੂਲੀ ਕੀਤੀ ਜਾ ਰਹੀ ਹੈ ਅਤੇ ਕੁਝ ਵਿਅਕਤੀਆਂ ਦੇ ਸ਼ਨਾਖਤੀ ਕਾਰਡ ਟੋਲ ’ਤੇ ਹੀ ਰੱਖੇ ਹੋਏ ਹਨ, ਜਿਸ ਨੂੰ ਕਿਸਾਨ ਯੂਨੀਅਨ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ।
ਕਿਸਾਨਾਂ ਤੋਂ ਟੋਲ ਨਹੀਂ ਲਿਆ ਜਾਵੇਗਾ
ਕਿਸਾਨਾਂ ਨਾਲ ਗੱਲਬਾਤ ਦੌਰਾਨ ਜ਼ਿਲ੍ਹਾ ਪੁਲਸ ਪ੍ਰਸ਼ਾਸ਼ਨ ਦੇ ਜੁਆਇੰਟ ਪੁਲਸ ਕਮਿਸ਼ਨਰ ਜਸਕਰਨਜੀਤ ਸਿੰਘ ਤੇਜਾ, ਏ.ਡੀ.ਸੀ.ਪੀ ਸ਼ੁਭਮ ਅਗਰਵਾਲ ਨੇ ਕਿਸਾਨ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਜਿਸ ਗੱਡੀ 'ਤੇ ਕਿਸਾਨ ਯੂਨੀਅਨ ਦਾ ਝੰਡਾ ਹੋਵੇਗਾ, ਕਿਸਾਨ ਯੂਨੀਅਨ ਦਾ ਬੈਚ ਤੇ ਪਛਾਣ ਪੱਤਰ ਹੋਵੇਗਾ ਉਨ੍ਹਾਂ ਕੋਲੋਂ ਕੋਈ ਟੋਲ ਨਹੀਂ ਲਿਆ ਜਾਵੇਗਾ। ਇਸ ਮਗਰੋਂ ਕਿਸਾਨ ਯੂਨੀਅਨ ਨੇ 18 ਅਗਸਤ ਨੂੰ ਲਾਡੋਵਾਲ ਟੋਲ ਪਲਾਜ਼ਾ ’ਤੇ ਧਰਨਾ ਲਾਉਣ ਦਾ ਫੈਸਲਾ ਵਾਪਸ ਲੈ ਲਿਆ।