ਬਿਹਾਰ ਦੇ ਸੁਪੌਲ ਦੇ ਇੱਕ ਸਕੂਲ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਸੇਂਟ ਜੌਨਜ਼ ਬੋਰਡਿੰਗ ਸਕੂਲ ਵਿੱਚ ਪਹਿਲੀ ਜਮਾਤ 'ਚ ਪੜ੍ਹਦੇ ਇੱਕ ਬੱਚੇ ਨੇ ਤੀਸਰੀ ਕਲ਼ਾਸ ਦੇ ਬੱਚੇ 'ਤੇ ਗੋਲੀ ਚਲਾ ਦਿੱਤੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਜ਼ਖਮੀ ਬੱਚੇ ਦੀ ਪਹਿਚਾਣ ਆਸਿਫ ਵਜੋਂ ਹੋਈ ਹੈ।
ਸਵੇਰ ਦੀ ਸਭਾ ਦੌਰਾਨ ਮਾਰੀ ਗੋਲੀ
ਦੱਸਿਆ ਜਾ ਰਿਹਾ ਹੈ ਕਿ ਸਵੇਰ ਦੀ ਸਭਾ ਦੌਰਾਨ ਦੋਸ਼ੀ ਬੱਚੇ ਨੇ ਆਪਣੇ ਬੈਗ 'ਚੋਂ ਪਿਸਤੌਲ ਕੱਢ ਕੇ ਆਸਿਫ ਨੂੰ ਗੋਲੀ ਮਾਰ ਦਿੱਤੀ। ਗੋਲੀ ਆਸਿਫ਼ ਦੇ ਖੱਬੇ ਹੱਥ ਵਿੱਚ ਲੱਗੀ। ਇਸ ਘਟਨਾ ਤੋਂ ਬਾਅਦ ਸਕੂਲ 'ਚ ਹਫੜਾ-ਦਫੜੀ ਮਚ ਗਈ ਅਤੇ ਅਧਿਆਪਕਾਂ ਦੇ ਨਾਲ-ਨਾਲ ਬੱਚੇ ਵੀ ਭੱਜਣ ਲੱਗੇ। ਇਸ ਤੋਂ ਬਾਅਦ ਆਸਿਫ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਸਕੂਲ ਪ੍ਰਬੰਧਕਾਂ ਮੁਤਾਬਕ ਇਸ ਘਟਨਾ ਤੋਂ ਬਾਅਦ ਦੋਵਾਂ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ ਸੀ । ਗੋਲੀ ਚਲਾਉਣ ਵਾਲਾ ਬੱਚਾ ਏਕਲਵਿਆ ਤੇ ਉਸ ਦੇ ਪਿਤਾ ਮੁਕੇਸ਼ ਯਾਦਵ ਦੋਵੇਂ ਪ੍ਰਿੰਸੀਪਲ ਦਫ਼ਤਰ ਆਏ ਸਨ। ਜਦੋਂ ਇਸ ਮਾਮਲੇ 'ਤੇ ਗੱਲਬਾਤ ਹੋ ਰਹੀ ਸੀ ਤਾਂ ਮੁਕੇਸ਼ ਯਾਦਵ ਹਥਿਆਰਾਂ ਸਮੇਤ ਆਪਣੇ ਬੱਚੇ ਨੂੰ ਲੈ ਕੇ ਫਰਾਰ ਹੋ ਗਿਆ।
ਪਰਿਵਾਰਕ ਮੈਂਬਰਾਂ ਨੇ ਸਕੂਲ 'ਚ ਕੀਤੀ ਭੰਨਤੋੜ
ਇਸ ਘਟਨਾ ਤੋਂ ਬਾਅਦ ਪੀੜਤ ਅਤੇ ਬਾਕੀ ਬੱਚਿਆਂ ਦੇ ਪਰਿਵਾਰ ਵਾਲੇ ਕਾਫੀ ਗੁੱਸੇ 'ਚ ਆ ਗਏ। ਉਨ੍ਹਾਂ ਸਕੂਲ ਵਿੱਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ, ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ, ਹੁਣ ਸਕੂਲ ਪ੍ਰਬੰਧਨ 'ਤੇ ਸਵਾਲ ਉੱਠ ਰਹੇ ਹਨ ਕਿ ਇਹ ਇੰਨੀ ਲਾਪਰਵਾਹੀ ਕਿਵੇਂ ਹੋ ਸਕਦੀ ਹੈ।