ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਚ ਪੁਲਸ ਤੇ ਨਿਹੰਗਾਂ ਵਿਚਾਲੇ ਹੋਈ ਫਾਇਰਿੰਗ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ 'ਤੇ ਗੰਭੀਰ ਦੋਸ਼ ਲਾਏ ਹਨ।
ਜਲੰਧਰ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਮਜੀਠੀਆ ਨੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਅੰਦਰ ਪੁਲਸ ਵੱਲੋਂ ਚਲਾਈਆਂ ਗੋਲੀਆਂ ਲਈ ‘ਆਪ’ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਪੁਲਸ ਦੇ ਮਾਰਚ ਕਾਰਨ ਮਾਹੌਲ ਖ਼ਰਾਬ ਹੋਇਆ
ਸੀਐਮ ਮਾਨ 'ਤੇ ਦੋਸ਼ ਲਗਾਉਂਦੇ ਹੋਏ ਮਜੀਠੀਆ ਨੇ ਕਿਹਾ ਕਿ ਆਈਜੀ ਅਤੇ ਐਸਐਸਪੀ ਹਰ ਪਲ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਦੇ ਰਹੇ ਸਨ। ਗੋਲੀਬਾਰੀ ਹੋਣ ਤੋਂ ਇੱਕ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਮਾਹੌਲ ਸ਼ਾਂਤਮਈ ਸੀ ਅਤੇ ਕੋਈ ਵੀ ਦਹਿਸ਼ਤ ਦਾ ਮਾਹੌਲ ਨਹੀਂ ਸੀ। ਪੁਲਸ ਵੱਲੋਂ ਬੇਲੋੜਾ ਮਾਰਚ ਕੀਤਾ ਜਾ ਰਿਹਾ ਸੀ, ਜਿਸ ਦੀ ਪੂਰੀ ਵੀਡੀਓ ਉਨ੍ਹਾਂ ਕੋਲ ਹੈ, ਜਿਸ ਨੂੰ ਸਬੂਤ ਵਜੋਂ ਸੰਭਾਲ ਕੇ ਰੱਖਿਆ ਗਿਆ ਹੈ।
ਸਾਰੀ ਫੁਟੇਜ ਰਿਕਾਰਡ ਕਰਨ ਵਾਲੇ ਪੱਤਰਕਾਰ ਦੀ ਕੀਤੀ ਗਈ ਕੁੱਟ-ਮਾਰ
ਮਜੀਠੀਆ ਨੇ ਕਿਹਾ ਕਿ ਜਿਸ ਪੱਤਰਕਾਰ ਨੇ ਇਹ ਸਾਰੀ ਰਿਕਾਰਡਿੰਗ ਕੀਤੀ, ਉਸ ਦਾ ਕੈਮਰਾ ਤੋੜ ਦਿੱਤਾ ਗਿਆ ਅਤੇ ਉਂਗਲਾਂ ਵੀ ਤੋੜ ਦਿੱਤੀਆਂ। ਪੱਤਰਕਾਰ ਨੇ ਸਭ ਕੁਝ ਰਿਕਾਰਡ ਕੀਤਾ ਹੈ। ਖੁੱਲ੍ਹੇਆਮ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਕੇ ਕਬਜ਼ਾ ਛੁਡਵਾਉਣ ਦੀ ਕੋਸ਼ਿਸ਼ ਕੀਤੀ ਗਈ।
ਮਜੀਠੀਆ ਨੇ ਅੱਗੇ ਕਿਹਾ ਕਿ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ 'ਆਪ' ਸਰਕਾਰ ਨੇ ਦੂਜੀ ਨਿਹੰਗ ਸਿੰਘਾਂ ਦੀ ਜਥੇਬੰਦੀ ਦਾ ਸਮਰਥਨ ਕੀਤਾ ਹੈ, ਜਿਸ ਦੇ ਚਸ਼ਮਦੀਦ ਗਵਾਹ ਹਨ। ਇਸ ਦੇ ਨਾਲ ਹੀ ਪੁਲਸ ਦੇ ਉੱਚ ਅਧਿਕਾਰੀ ਸੀਐਮ ਮਾਨ ਨੂੰ ਹਰ ਪਲ ਦੀ ਖ਼ਬਰ ਦੇ ਰਹੇ ਸਨ। ਇਨ੍ਹਾਂ ਦੇ ਨਿਰਦੇਸ਼ਾਂ 'ਤੇ ਇਹ ਸਾਰਾ ਘਟਨਾਕ੍ਰਮ ਵਾਪਰਿਆ।
ਮਜੀਠੀਆ ਨੇ ਪੁਲਸ ਦੀ ਵੀਡੀਓ ਵੀ ਦਿਖਾਈ
ਬਿਕਰਮ ਮਜੀਠੀਆ ਨੇ ਕਿਹਾ ਕਿ ਇੱਕ ਵੀਡੀਓ ਵਿੱਚ ਆਈਜੀ ਅਤੇ ਐਸਐਸਪੀ ਕਹਿ ਰਹੇ ਹਨ ਕਿ ਹਥਿਆਰ ਥਾਣੇ ਵਿੱਚੋਂ ਲਿਆਉਣੇ ਪੈਣਗੇ ਅਤੇ ਐਸਐਸਪੀ ਕਹਿ ਰਹੇ ਹਨ ਕਿ ਅਸਲਾ ਉਨ੍ਹਾਂ ਦੀ ਕਾਰ ਵਿੱਚ ਵੀ ਪਿਆ ਹੈ। ਜਿਸ ਤੋਂ ਬਾਅਦ ਪੁਲਸ ਦੀ ਗੱਡੀ ਤੇਜ਼ ਰਫ਼ਤਾਰ ਨਾਲ ਪੁਲਸ ਸਟੇਸ਼ਨ ਵੱਲ ਨੂੰ ਹਥਿਆਰ ਇਕੱਠਾ ਕਰਨ ਲਈ ਜਾ ਰਹੀ ਹੈ। ਵੀਡੀਓ ਵਿੱਚ ਸਭ ਕੁਝ ਰਿਕਾਰਡ ਹੈ।
ਪੁਲਸ ਦੀ ਗੋਲੀ ਨਾਲ ਹੀ ਪੁਲਸ ਮੁਲਾਜ਼ਮ ਦੀ ਹੋਈ ਮੌਤ
ਗੋਲੀ ਲੱਗਣ ਨਾਲ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। ਉਹ ਨਿਹੰਗਾਂ ਦੀਆਂ ਗੋਲੀਆਂ ਨਾਲ ਨਹੀਂ ਮਰਿਆ। ਸਗੋਂ ਪੁਲਸ ਗੋਲੀਬਾਰੀ ਵਿੱਚ ਮਾਰਿਆ ਗਿਆ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਖੇ ਇੱਕ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ ਹੈ। ਜਿਸ ਵਿੱਚ ਕਿਸੇ ਨਿਹੰਗ ਸਿੰਘ ਕੋਲ ਬੰਦੂਕ ਨਹੀਂ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜੋ ਵੀ ਕੀਤਾ ਗਿਆ ਹੈ। ਸਭ ਕੁਝ ਪਹਿਲਾਂ ਤੋਂ ਯੋਜਨਾਬੱਧ ਸੀ।