ਖਬਰਿਸਤਾਨ ਨੈੱਟਵਰਕ- ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ (PU) ਵਿੱਚ ਵਿਦਿਆਰਥੀਆਂ ਵਿਚ ਖੂਨੀ ਝੜਪ ਦੇਖਣ ਨੂੰ ਮਿਲੀ,ਜਿਥੇ ਇਕ ਨੌਜਵਾਨ ਦਾ ਕਤਲ ਹੋ ਗਿਆ। ਦੱਸ ਦੇਈਏ ਕਿ ਇਹ ਵਾਰਦਾਤ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਇੱਕ ਸ਼ੋਅ ਦੌਰਾਨ ਹੋਈ, ਜਿਥੇ ਵਿਦਿਆਰਥੀਆਂ ਦੇ ਦੋ ਗੁੱਟ ਆਹਮੋ-ਸਾਹਮਣੇ ਹੋ ਗਏ।
ਇਕ ਵਿਦਿਆਰਥੀ ਦਾ ਕਤਲ
ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਚਾਰ ਵਿਦਿਆਰਥੀਆਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਵਿਚੋਂ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਆਦਿਤਿਆ ਠਾਕੁਰ ਵਜੋਂ ਹੋਈ। ਉਹ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਜੋ ਕਿ ਪੰਜਾਬ ਯੂਨੀਵਰਸਿਟੀ ਵਿੱਚ ਅਧਿਆਪਕ ਸਿਖਲਾਈ ਦਾ ਦੂਜੇ ਸਾਲ ਦਾ ਵਿਦਿਆਰਥੀ ਸੀ। ਵਾਰਦਾਤ ਤੋਂ ਬਾਅਦ ਪੁਲਸ ਮੌਕੇ ਉਤੇ ਪਹੁੰਚੀ। ਇਸ ਮਾਮਲੇ ਵਿੱਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਹਰਿਆਣਵੀ ਗਾਇਕ ਦੇ ਸ਼ੋਅ ਦੌਰਾਨ ਹੋਈ ਵਾਰਦਾਤ
ਜਾਣਕਾਰੀ ਅਨੁਸਾਰ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦਾ ਸ਼ੋਅ ਸ਼ੁੱਕਰਵਾਰ ਰਾਤ ਨੂੰ ਪੀ ਯੂ ਵਿੱਚ ਚੱਲ ਰਿਹਾ ਸੀ ਕਿ ਸਟੇਜ ਦੀ ਬੈਕਸਾਈਡ ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚਕਾਰ ਝੜਪ ਹੋ ਗਈ। ਇਸ ਦੌਰਾਨ 4 ਵਿਦਿਆਰਥੀ ਜ਼ਖ਼ਮੀ ਹੋ ਗਏ ਤੇ ਮੌਕੇ ਤੋਂ ਹਮਲਾਵਰ ਉੱਥੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਸ ਉੱਥੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਆਦਿੱਤਿਆ ਨੂੰ ਮ੍ਰਿਤਕ ਐਲਾਨ ਦਿੱਤਾ।