ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ। ਗੋਵਿੰਦਾ ਦੀ ਲੱਤ 'ਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਏ। ਦੱਸ ਦੇਈਏ ਕਿ ਉਨ੍ਹਾਂ ਨੂੰ ਆਪਣੀ ਹੀ ਪਿਸਤੌਲ ਵਿੱਚੋਂ ਗੋਲੀ ਲੱਗੀ। ਇਹ ਘਟਨਾ ਮੰਗਲਵਾਰ ਸਵੇਰੇ ਕਰੀਬ 4:45 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਗੋਵਿੰਦਾ ਨੂੰ ਰਿਵਾਲਵਰ ਸਾਫ ਕਰਦੇ ਸਮੇਂ ਮਿਸ ਫਾਇਰਿੰਗ ਕਾਰਨ ਗੋਲੀ ਲੱਗ ਗਈ।
ਜਾਣਕਾਰੀ ਮੁਤਾਬਕ ਮੁੰਬਈ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਸ ਦੀ ਰਿਵਾਲਵਰ ਜ਼ਬਤ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੀਨੀਅਰ ਪੁਲੀਸ ਅਧਿਕਾਰੀ ਪਰਮਜੀਤ ਸਿੰਘ ਦਹੀਆ ਨੇ ਕਿਹਾ ਹੈ ਕਿ ਜਿਸ ਰਿਵਾਲਵਰ ਤੋਂ ਗੋਲੀ ਚੱਲੀ ਉਹ ਲਾਇਸੈਂਸੀ ਹੈ।
ਹਸਪਤਾਲ ਵਿੱਚ ਦਾਖਲ ਕਰਵਾਇਆ
ਗੋਲੀ ਲੱਗਣ ਕਾਰਨ ਗੋਵਿੰਦਾ ਦੀ ਲੱਤ 'ਚੋਂ ਕਾਫੀ ਖੂਨ ਨਿਕਲ ਗਿਆ, ਜਿਸ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਬਣ ਗਈ। ਫਿਲਹਾਲ ਉਨ੍ਹਾਂ ਨੂੰ ਇਲਾਜ ਲਈ ਅੰਧੇਰੀ ਦੇ ਕ੍ਰਿਟੀ ਕੇਅਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸ਼ੁਰੂਆਤੀ ਇਲਾਜ ਤੋਂ ਬਾਅਦ ਗੋਵਿੰਦਾ ਹੁਣ ਖਤਰੇ ਤੋਂ ਬਾਹਰ ਹਨ। ਉਨ੍ਹਾਂ ਦੀ ਪਤਨੀ ਸੁਨੀਤਾ ਫਿਲਹਾਲ ਉਨ੍ਹਾਂ ਦੇ ਨਾਲ ਹਸਪਤਾਲ 'ਚ ਮੌਜੂਦ ਹਨ।
ਅਲਮਾਰੀ ਵਿੱਚ ਪਿਸਤੌਲ ਰੱਖਦੇ ਹੋਏ ਚੱਲੀ ਗੋਲੀ
ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਦੱਸਿਆ ਹੈ ਕਿ ਉਹ ਇੱਕ ਪ੍ਰੋਗਰਾਮ ਲਈ ਕੋਲਕਾਤਾ ਜਾ ਰਹੇ ਸਨ। ਫਲਾਈਟ 6 ਵਜੇ ਦੀ ਸੀ। ਪਿਸਤੌਲ ਨੂੰ ਅਲਮਾਰੀ 'ਚ ਰੱਖਣ ਦੌਰਾਨ ਗੋਲੀ ਚੱਲੀ ਅਤੇ ਉਸ ਦੇ ਗੋਡੇ ਤੋਂ ਹੇਠਾਂ ਗੋਲੀ ਵੱਜੀ। ਉਨ੍ਹਾਂ ਨੂੰ ਤੁਰੰਤ ਅੰਧੇਰੀ ਦੇ ਹਸਪਤਾਲ ਲਿਜਾਇਆ ਗਿਆ। ਗੋਲੀ ਕੱਢ ਲਈ ਗਈ ਹੈ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਘਬਰਾਉਣ ਦੀ ਲੋੜ ਨਹੀਂ।
ਗੋਵਿੰਦਾ 2004 ਤੋਂ 2009 ਤੱਕ ਰਹੇ ਸੰਸਦ ਮੈਂਬਰ
ਗੋਵਿੰਦਾ 28 ਮਾਰਚ ਨੂੰ ਸ਼ਿਵ ਸੈਨਾ (ਸ਼ਿੰਦੇ ਧੜੇ) ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੀ ਮੌਜੂਦ ਸਨ। ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਗੋਵਿੰਦਾ ਨੇ ਕਿਹਾ ਸੀ ਕਿ ਮੈਂ 2004 ਤੋਂ 2009 ਤੱਕ ਰਾਜਨੀਤੀ 'ਚ ਸੀ। ਹੁਣ 14 ਸਾਲਾਂ ਬਾਅਦ ਮੈਂ ਮੁੜ ਸਿਆਸਤ ਵਿੱਚ ਆਇਆ ਹਾਂ। ਮੇਰੇ 'ਤੇ ਜੋ ਭਰੋਸਾ ਰੱਖਿਆ ਗਿਆ ਹੈ, ਉਸ 'ਤੇ ਪੂਰਾ ਉਤਰਾਂਗਾ।
ਗੋਵਿੰਦਾ ਨੇ 2004 'ਚ ਮੁੰਬਈ ਉੱਤਰੀ ਤੋਂ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ ਸੀ। ਉਨ੍ਹਾਂ ਨੇ ਭਾਜਪਾ ਦੇ ਰਾਮ ਨਾਇਕ ਨੂੰ 48,271 ਵੋਟਾਂ ਨਾਲ ਹਰਾਇਆ ਸੀ। ਅਭਿਨੇਤਾ 2004 ਤੋਂ 2009 ਤੱਕ ਸੰਸਦ ਮੈਂਬਰ ਰਹੇ।