ਮੁੰਬਈ ਦੇ ਮਲਾਡ ਇਲਾਕੇ ਵਿੱਚ ਇੱਕ ਔਰਤ ਨੂੰ ਇੱਕ ਆਈਸਕ੍ਰੀਮ ਕੋਨ ਦੇ ਅੰਦਰ ਕੱਟੀ ਹੋਈ ਮਨੁੱਖੀ ਉਂਗਲੀ ਮਿਲੀ, ਔਰਤ ਨੇ ਆਈਸਕ੍ਰੀਮ ਆਨਲਾਈਨ ਆਰਡਰ ਕੀਤੀ ਸੀ। ਇਸ ਤੋਂ ਬਾਅਦ ਇਸ ਸਬੰਧੀ ਉਸ ਨੇ ਥਾਣੇ ਵਿਚ ਜਾ ਕੇ ਸ਼ਿਕਾਇਤ ਦਰਜ ਕਰਵਾਈ।
ਆਈਸਕ੍ਰੀਮ ਕੰਪਨੀ ਖਿਲਾਫ ਮਾਮਲਾ ਦਰਜ
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਯੰਮੋ ਆਈਸ ਕਰੀਮ ਕੰਪਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਆਈਸਕ੍ਰੀਮ ਨੂੰ ਜਾਂਚ ਲਈ ਐਫਐਸਐਲ (ਫੋਰੈਂਸਿਕ) ਨੂੰ ਭੇਜ ਦਿੱਤਾ ਹੈ, ਜਿਥੇ ਇਸ ਬਾਰੇ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।
ਅੱਧੇ ਤੋਂ ਵੱਧ ਆਈਸਕ੍ਰੀਮ ਖਾਧੀ
ਜਾਣਕਾਰੀ ਮੁਤਾਬਕ ਮਹਿਲਾ ਡਾਕਟਰ ਓਰਲੇਮ ਬ੍ਰੈਂਡਨ ਸੇਰਾਓ (27) ਨੇ ਜ਼ੇਪਟੋ ਐਪ ਰਾਹੀਂ ਯੰਮੋ ਆਈਸਕ੍ਰੀਮ ਕੰਪਨੀ ਦੀ ਬਟਰ ਸਕਾਚ ਆਈਸਕ੍ਰੀਮ ਦਾ ਆਰਡਰ ਦਿੱਤਾ ਸੀ ਅਤੇ ਅੱਧੇ ਤੋਂ ਜ਼ਿਆਦਾ ਆਈਸਕ੍ਰੀਮ ਖਾ ਚੁੱਕੀ ਸੀ। ਪਰ ਫਿਰ ਉਸ ਨੂੰ ਆਪਣੀ ਜੀਬ 'ਤੇ ਕੁਝ ਵੱਖਰਾ ਮਹਿਸੂਸ ਹੋਇਆ। ਜਦੋਂ ਉਸ ਨੇ ਨੇੜਿਓਂ ਦੇਖਿਆ ਤਾਂ ਉਸ ਨੂੰ ਕੋਨ ਦੇ ਅੰਦਰ ਇੱਕ ਮਨੁੱਖੀ ਉਂਗਲੀ ਦਾ ਇੱਕ ਟੁਕੜਾ ਮਿਲਿਆ। ਇਹ 2 ਸੈਂਟੀਮੀਟਰ ਲੰਬਾ ਸੀ। ਇਹ ਦੇਖ ਕੇ ਮਹਿਲਾ ਡਾਕਟਰ ਦੇ ਹੋਸ਼ ਉੱਡ ਗਏ। ਸੇਰਾਓ ਪੇਸ਼ੇ ਤੋਂ ਐਮਬੀਬੀਐਸ ਡਾਕਟਰ ਹੈ।
ਪੁਲਸ ਕਰ ਰਹੀ ਜਾਂਚ
ਸੇਰਾਓ ਨੇ ਇਸ ਮਾਮਲੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਅਤੇ ਥਾਣੇ ਜਾ ਕੇ ਆਈਸਕ੍ਰੀਮ ਕੋਨ ਪੁਲਸ ਨੂੰ ਸੌਂਪ ਦਿੱਤੀ। ਪੁਲਿਸ ਨੇ ਆਪਣੀ ਸ਼ੁਰੂਆਤੀ ਜਾਂਚ ਵਿੱਚ ਇਹ ਵੀ ਮੰਨਿਆ ਹੈ ਕਿ ਆਈਸਕ੍ਰੀਮ ਵਿੱਚ ਮਨੁੱਖੀ ਉਂਗਲੀ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਜਿਸ ਜਗ੍ਹਾ 'ਤੇ ਆਈਸਕ੍ਰੀਮ ਬਣਾਈ ਗਈ ਅਤੇ ਪੈਕ ਕੀਤੀ ਗਈ, ਉਸ ਦੀ ਵੀ ਤਲਾਸ਼ੀ ਲਈ ਜਾਵੇਗੀ।