ਮਹਾਰਾਸ਼ਟਰ ਦੇ ਨਾਸਿਕ 'ਚ ਇਨਕਮ ਟੈਕਸ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। Income Tax ਵਿਭਾਗ ਦੀ ਟੀਮ ਨੇ ਸੁਰਾਨਾ ਜਵੈਲਰਜ਼ ਅਤੇ ਇਸ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਟੀਮ ਨੇ ਇੱਥੋਂ 26 ਕਰੋੜ ਰੁਪਏ ਦੀ ਨਕਦੀ ਅਤੇ 90 ਕਰੋੜ ਸੰਪਤੀ ਜ਼ਬਤ ਕੀਤੀ ਹੈ। ਆਮਦਨ ਕਰ ਵਿਭਾਗ ਨੇ 30 ਘੰਟੇ ਲਗਾਤਾਰ ਕਾਰਵਾਈ ਕੀਤੀ।
ਨੋਟਾਂ ਨੂੰ ਗਿਣਨ ਵਿੱਚ ਲੱਗੇ 14 ਘੰਟੇ
ਇਨਕਮ ਟੈਕਸ ਵਿਭਾਗ ਦੀ ਟੀਮ ਨੇ ਨਾਸਿਕ ਦੇ ਕਾਨਡਾ ਕਾਰਨਰ ਇਲਾਕੇ 'ਚ ਸਥਿਤ ਸੁਰਾਨਾ ਜਵੈਲਰਜ਼ ਅਤੇ ਇਸ ਦੇ ਕਈ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ। ਸਰਾਫਾ ਵਪਾਰੀ ਦੇ ਠਿਕਾਣੇ 'ਤੇ ਛਾਪੇਮਾਰੀ ਨੇ ਪੂਰੇ ਇਲਾਕੇ 'ਚ ਹਲਚਲ ਮਚਾ ਦਿੱਤੀ ਹੈ। ਟੈਕਸ ਚੋਰੀ ਦੇ ਸ਼ੱਕ 'ਚ ਇਹ ਕਾਰਵਾਈ ਕੀਤੀ ਗਈ। ਅਧਿਕਾਰੀਆਂ ਨੂੰ ਸਰਾਫਾ ਵਪਾਰੀ ਦੇ ਘਰੋਂ ਇੰਨੀ ਵੱਡੀ ਨਕਦੀ ਮਿਲੀ ਕਿ ਇਸ ਨੂੰ ਗਿਣਨ ਵਿੱਚ ਉਨ੍ਹਾਂ ਨੂੰ 14 ਘੰਟੇ ਲੱਗ ਗਏ।
ਘਰ ਵੀ ਮਾਰਿਆ ਛਾਪਾ
ਨਾਸਿਕ, ਨਾਗਪੁਰ, ਜਲਗਾਓਂ ਦੀਆਂ ਟੀਮਾਂ ਦੇ 50 ਤੋਂ 55 ਅਧਿਕਾਰੀਆਂ ਨੇ ਸੁਰਾਨਾ ਜਵੈਲਰਜ਼ ਦੇ ਠਿਕਣਿਆਂ ਦੇ ਨਾਲ-ਨਾਲ ਉਨ੍ਹਾਂ ਦੇ ਰੀਅਲ ਅਸਟੇਟ ਕਾਰੋਬਾਰ ਦੇ ਦਫਤਰ 'ਤੇ ਛਾਪੇਮਾਰੀ ਕੀਤੀ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਟੈਕਸ ਚੋਰੀ ਕਰਨ ਵਾਲੇ ਕਾਰੋਬਾਰੀ ਇਨਕਮ ਟੈਕਸ ਵਿਭਾਗ ਦੇ ਰਾਡਾਰ 'ਤੇ ਹਨ। ਜਿਸ ਥਾਂ 'ਤੇ ਛਾਪੇਮਾਰੀ ਚੱਲ ਰਹੀ ਸੀ, ਉਥੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਸਨ।
72 ਘੰਟੇ ਤੱਕ ਚੱਲੀ ਕਾਰਵਾਈ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਆਈਡੀ ਟੀਮ ਨੇ ਭੰਡਾਰੀ ਫਾਈਨਾਂਸ ਅਤੇ ਆਦਿਤਿਆ ਕੋਆਪਰੇਟਿਵ ਬੈਂਕ 'ਤੇ ਵੱਡੀ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ 72 ਘੰਟੇ ਲਗਾਤਾਰ ਜਾਰੀ ਰਹੀ। ਇਸ ਤੋਂ ਇਲਾਵਾ ਉਨਾਂ ਨੂੰ 8 ਕਿਲੋ ਸੋਨਾ ਵੀ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਨੂੰ ਇਸ ਛਾਪੇਮਾਰੀ ਦੌਰਾਨ 14 ਕਰੋੜ ਰੁਪਏ ਦੀ ਨਕਦੀ ਮਿਲੀ ਸੀ, ਜਿਸ ਨੂੰ ਨਿਪਟਾਉਣ ਲਈ ਉਨ੍ਹਾਂ ਨੂੰ 14 ਘੰਟੇ ਲੱਗ ਗਏ ਸੀ। ਇਸ ਮਾਮਲੇ ਤੋਂ ਬਾਅਦ ਵਿੱਤ ਕਾਰੋਬਾਰੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ|