ਮੁੰਬਈ ਦੇ ਚੇਂਬੂਰ 'ਚ ਐਤਵਾਰ ਸਵੇਰੇ ਦੋ ਮੰਜ਼ਿਲਾ ਮਕਾਨ 'ਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਮਾਸੂਮ ਬੱਚੇ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਘਰ 'ਚ ਬਿਜਲੀ ਦੀਆਂ ਤਾਰਾਂ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੂੰ ਘਰ ਛੱਡਣ ਦਾ ਮੌਕਾ ਵੀ ਨਹੀਂ ਮਿਲਿਆ।
ਜਾਣਕਾਰੀ ਅਨੁਸਾਰ ਜਿੱਥੇ ਅੱਗ ਲੱਗੀ, ਉਥੇ ਮਕਾਨ ਦੇ ਹੇਠਾਂ ਇੱਕ ਦੁਕਾਨ ਹੈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਘਟਨਾ 'ਚ ਪਰਿਵਾਰ ਦੇ 7 ਮੈਂਬਰ ਅੱਗ 'ਚ ਬੁਰੀ ਤਰ੍ਹਾਂ ਝੁਲਸ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਜਵਾੜੀ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮਰਨ ਵਾਲਿਆਂ ਵਿਚ ਗੀਤਾਦੇਵੀ ਗੁਪਤਾ (60 ਸਾਲ), ਅਨੀਤਾ ਗੁਪਤਾ (39 ਸਾਲ), ਪ੍ਰੇਮ ਗੁਪਤਾ (30 ਸਾਲ), ਮੰਜੂ ਪ੍ਰੇਮ ਗੁਪਤਾ (30 ਸਾਲ), ਵਿਧੀ ਗੁਪਤਾ (15 ਸਾਲ), ਨਰਿੰਦਰ ਗੁਪਤਾ (10 ਸਾਲ) ਅਤੇ ਪ੍ਰੇਸੀ ਗੁਪਤਾ (10 ਸਾਲ) ਸਨ। ) ਪੁਲਿਸ ਅੱਗ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਅੱਗ ਸਵੇਰੇ 5 ਵਜੇ ਲੱਗੀ
ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਸਵੇਰੇ 5.20 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਮੌਕੇ 'ਤੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਗਈਆਂ। ਉਨ੍ਹਾਂ ਦੱਸਿਆ ਕਿ ਅੱਗ ਇਮਾਰਤ ਦੀ ਹੇਠਲੀ ਮੰਜ਼ਿਲ 'ਤੇ ਸਥਿਤ ਦੁਕਾਨ ਤੋਂ ਸ਼ੁਰੂ ਹੋ ਕੇ ਉਪਰਲੀ ਮੰਜ਼ਿਲ ਤੱਕ ਫੈਲ ਗਈ। ਉਪਰ ਸੁੱਤੇ ਪਏ ਪਰਿਵਾਰ ਨੂੰ ਅੱਗ ਨੇ ਲਪੇਟ ਵਿਚ ਲੈ ਲਿਆ।