ਪੁਲਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਜਲੰਧਰ ਸ਼ਹਿਰ ਵਿੱਚ ਹਥਿਆਰਾਂ ਦੀ ਗੈਰ-ਕਾਨੂੰਨੀ ਸਪਲਾਈ ਅਤੇ ਅਪਰਾਧਾਂ ਨੂੰ ਨੱਥ ਪਾਉਣ ਦੇ ਮਾਮਲੇ ਵਿੱਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਸੀਪੀ ਸਵਪਨ ਸ਼ਰਮਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਦੋ ਮਹੀਨੇ ਪਹਿਲਾਂ ਸ਼ਹਿਰ ਵਿੱਚ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਗੋਲੀ ਚਲਾ ਕੇ ਦਹਿਸ਼ਤ ਫੈਲਾਉਣ ਵਾਲਾ ਗੌਰਵ ਕਪਿਲਾ ਫਰਾਰ ਸੀ, ਜਿਸ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ।
ਜਨਮ ਦਿਨ ਮਨਾਉਣ ਲਈ ਹੋਏ ਸਨ ਇਕੱਠੇ
ਸੀਪੀ ਨੇ ਦੱਸਿਆ ਕਿ ਸੰਨੀ ਉਰਫ਼ ਕਾਕਾ ਨੇ ਸ਼ਿਕਾਇਤ ਕੀਤੀ ਸੀ ਕਿ 13 ਮਾਰਚ 2024 ਨੂੰ ਉਸ ਦੇ ਇੱਕ ਦੋਸਤ ਨੇ ਉਸ ਦਾ ਜਨਮ ਦਿਨ ਮਨਾਉਣ ਲਈ ਫ਼ੋਨ ਕੀਤਾ ਸੀ। ਪਾਰਟੀ ਦੌਰਾਨ ਗੌਰਵ ਕਪਿਲਾ ਉਰਫ ਕਪਿਲਾ ਪੁੱਤਰ ਸੰਜੀਵ ਕੁਮਾਰ ਵਾਸੀ ਐਨ.ਸੀ. 154 ਕੋਟ ਕਿਸ਼ਨ ਚੰਦ ਜਲੰਧਰ ਅਤੇ ਉਸ ਦੇ ਦੋਸਤਾਂ ਨੇ ਡੀ ਜੇ ਦੀ ਧੁਨ 'ਤੇ ਨੱਚਣਾ ਸ਼ੁਰੂ ਕਰ ਦਿੱਤਾ ਅਤੇ ਹਵਾ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਦੋਵਾਂ 'ਚ ਪਾਰਕਿੰਗ ਦੇ ਠੇਕੇ ਦੀ ਅਲਾਟਮੈਂਟ ਨੂੰ ਲੈ ਕੇ ਸੀ ਤਕਰਾਰ
ਸੰਨੀ ਅਤੇ ਉਸ ਦੇ ਦੋਸਤਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੌਰਵ ਕਪਿਲਾ ਨੇ ਉਨ੍ਹਾਂ 'ਤੇ ਹੀ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਸੰਨੀ ਗੰਭੀਰ ਜ਼ਖਮੀ ਹੋ ਗਿਆ। ਸੰਨੀ ਵੱਲੋਂ ਦਿੱਤੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ 1 ਜਲੰਧਰ ਵਿੱਚ ਐਫ.ਆਈ.ਆਰ 39 ਮਿਤੀ 15-03-2024, ਨੂੰ 307/326/34 ਆਈਪੀਸੀ, 25/27 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਾਰਕਿੰਗ ਦੇ ਠੇਕੇ ਦੀ ਅਲਾਟਮੈਂਟ ਨੂੰ ਲੈ ਕੇ ਦੋਵਾਂ ਵਿਚਕਾਰ ਕਈ ਦਿਨ ਪਹਿਲਾਂ ਤਕਰਾਰ ਹੋਇਆ ਸੀ।
ਮੌਕੇ ਤੋਂ ਫਰਾਰ ਹੋਇਆ ਕਪਿਲਾ
ਪਤਾ ਲੱਗਾ ਹੈ ਕਿ ਘਟਨਾ ਤੋਂ ਬਾਅਦ ਦੋਸ਼ੀ ਗੌਰਵ ਕਪਿਲਾ ਫਰਾਰ ਸੀ ਪਰ ਆਖਿਰਕਾਰ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਕੋਲੋਂ ਮੈਗਜ਼ੀਨ ਅਤੇ ਕਾਰਤੂਸ ਸਮੇਤ ਪੰਜ ਹਥਿਆਰ (ਚਾਰ 32 ਬੋਰ ਪਿਸਤੌਲ ਅਤੇ ਇੱਕ ਦੇਸੀ ਚਾਕੂ) ਬਰਾਮਦ ਕੀਤੇ ਗਏ ਹਨ। ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।