ਖਬਰਿਸਤਾਨ ਨੈੱਟਵਰਕ- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਦੀ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਪਹਿਲਗਾਮ ਅੱਤਵਾਦੀ ਹਮਲੇ ਵਿੱਚ ਸ਼ਾਮਲ ਅੱਤਵਾਦੀ ਆਦਿਲ ਸ਼ਾਹ ਦੇ ਘਰ 'ਤੇ ਵੀ ਬੁਲਡੋਜ਼ਰ ਚਲਾਇਆ ਗਿਆ ਹੈ। ਦੂਜੇ ਪਾਸੇ, ਪੁਲਿਸ ਤ੍ਰਾਲ ਵਿੱਚ ਅੱਤਵਾਦੀ ਆਸਿਫ਼ ਸ਼ੇਖ ਦੇ ਘਰ ਪਹੁੰਚੀ, ਜਿੱਥੇ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਮੌਜੂਦ ਸੀ। ਇਸ ਦੌਰਾਨ ਇੱਕ ਧਮਾਕੇ ਵਿੱਚ ਉਸ ਦਾ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਦੋਵੇਂ ਅੱਤਵਾਦੀ ਲਸ਼ਕਰ ਨਾਲ ਜੁੜੇ ਹੋਏ
ਸਰਚ ਟੀਮ ਨੇ ਦੱਸਿਆ ਕਿ ਅੱਤਵਾਦੀ ਦੇ ਘਰ ਵਿੱਚ ਵਿਸਫੋਟਕ ਸਮੱਗਰੀ ਰੱਖੀ ਗਈ ਸੀ। ਜਿਸ ਕਾਰਨ ਧਮਾਕਾ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦੋਵਾਂ ਅੱਤਵਾਦੀਆਂ ਦੇ ਨਾਂ ਪਹਿਲਗਾਮ ਹਮਲੇ ਨਾਲ ਜੁੜੇ ਹਨ। ਨਾਲ ਹੀ, ਦੋਵੇਂ ਅੱਤਵਾਦੀ ਲਸ਼ਕਰ-ਏ-ਤੋਇਬਾ ਦੇ ਸਰਗਰਮ ਮੈਂਬਰ ਦੱਸੇ ਜਾ ਰਹੇ ਹਨ।
ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ
ਰਿਪੋਰਟ ਮੁਤਾਬਕ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਦੀ ਨਿਰੰਤਰਤਾ ਵਿੱਚ, ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤ ਵੱਲੋਂ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰੇ ਮੌਜੂਦਾ ਵੈਧ ਵੀਜ਼ੇ 27 ਅਪ੍ਰੈਲ 2025 ਤੋਂ ਰੱਦ ਕਰ ਦਿੱਤੇ ਗਏ ਹਨ।
ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਸਲਾਹ
ਵਿਦੇਸ਼ ਮੰਤਰਾਲੇ ਅਨੁਸਾਰ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਮੈਡੀਕਲ ਵੀਜ਼ੇ ਸਿਰਫ 29 ਅਪ੍ਰੈਲ, 2025 ਤੱਕ ਹੀ ਵੈਧ ਹੋਣਗੇ। ਭਾਰਤ ਵਿੱਚ ਮੌਜੂਦ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਸੋਧੇ ਹੋਏ ਵੀਜ਼ੇ ਦੀ ਮਿਆਦ ਪੁੱਗਣ ਤੋਂ ਪਹਿਲਾਂ ਭਾਰਤ ਛੱਡ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਭਾਰਤੀ ਨਾਗਰਿਕਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਬਚਣ। ਪਾਕਿਸਤਾਨ ਵਿੱਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਵੀ ਜਲਦੀ ਤੋਂ ਜਲਦੀ ਭਾਰਤ ਵਾਪਸ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਹਮਲੇ 'ਚ 27 ਲੋਕਾਂ ਦੀ ਗਈ ਜਾਨ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਦੁਪਹਿਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ 27 ਲੋਕ ਮਾਰੇ ਗਏ ਸਨ। 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਇਹ ਜੰਮੂ-ਕਸ਼ਮੀਰ ਵਿੱਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ। ਅੱਤਵਾਦੀਆਂ ਨੇ ਸੈਲਾਨੀਆਂ 'ਤੇ ਗੋਲੀਬਾਰੀ ਕੀਤੀ, ਜਿਸ ਵਿੱਚ 2 ਵਿਦੇਸ਼ੀ ਸੈਲਾਨੀਆਂ ਸਮੇਤ 27 ਲੋਕ ਮਾਰੇ ਗਏ।