ਪੰਜਾਬ 'ਚ ਜਲਦ ਹੀ ਬੁਲੇਟ ਟਰੇਨ ਸ਼ੁਰੂ ਹੋਣ ਜਾ ਰਹੀ ਹੈ। ਕੇਂਦਰ ਸਰਕਾਰ ਨੇ ਅੰਮ੍ਰਿਤਸਰ-ਦਿੱਲੀ ਤੇ ਅੰਮ੍ਰਿਤਸਰ-ਕਟੜਾ ਹਾਈ ਸਪੀਡ ਰੇਲ ਕਾਰੀਡੋਰ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਨ੍ਹਾਂ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ 465 ਕਿਲੋਮੀਟਰ ਦਾ ਸਫ਼ਰ ਇੱਕ ਘੰਟੇ 40 ਮਿੰਟ ਵਿੱਚ ਪੂਰਾ ਹੋ ਜਾਵੇਗਾ। ਇਸ ਨਾਲ ਲੋਕਾਂ ਦਾ ਸਮਾਂ ਬਚੇਗਾ। ਇਹ ਰੇਲ ਗੱਡੀ ਦਿੱਲੀ, ਕੈਥਲ, ਜੀਂਦ, ਅੰਬਾਲਾ, ਚੰਡੀਗੜ੍ਹ, ਲੁਧਿਆਣਾ, ਜਲੰਧਰ ਤੋਂ ਹੁੰਦੀ ਹੋਈ ਅੰਮ੍ਰਿਤਸਰ ਪਹੁੰਚੇਗੀ।
ਇੱਕ ਘੰਟੇ 'ਚ ਕਟੜਾ ਪਹੁੰਚੇਗੀ ਟ੍ਰੇਨ
ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਕਟੜਾ ਤੱਕ ਦਾ 190 ਕਿਲੋਮੀਟਰ ਦਾ ਸਫਰ ਇੱਕ ਘੰਟੇ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਟਰੇਨ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਬਟਾਲਾ, ਗੁਰਦਾਸਪੁਰ, ਪਠਾਨਕੋਟ, ਸਾਂਬਾ, ਜੰਮੂ ਤੋਂ ਹੁੰਦੇ ਹੋਏ ਇੱਕ ਘੰਟੇ ਵਿੱਚ ਕਟੜਾ ਪਹੁੰਚੇਗੀ। ਇਸ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਜਦ ਕਿ ਸੰਚਾਲਨ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਔਸਤ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
750 ਯਾਤਰੀ ਕਰ ਸਕਣਗੇ ਸਫਰ
ਇਸ ਟਰੇਨ ਵਿੱਚ 750 ਯਾਤਰੀਆਂ ਦੇ ਸਫ਼ਰ ਕਰਨ ਦੀ ਸਮਰੱਥਾ ਹੋਵੇਗੀ। ਇਨ੍ਹਾਂ ਟਰੇਨਾਂ ਦਾ ਟ੍ਰੈਕ ਐਲੀਵੇਟਿਡ, Underground ਤੇ ਜ਼ਮੀਨ 'ਤੇ ਵਿਛਾਇਆ ਜਾਵੇਗਾ। ਦੱਸ ਦੇਈਏ ਕਿ ਇਸ 'ਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ 2017 ਵਿੱਚ ਉਨ੍ਹਾਂ ਦੀ ਮੰਗ ਤੋਂ ਬਾਅਦ 2020 ਵਿੱਚ ਟੈਂਡਰ ਲਗਵਾਇਆ ਗਿਆ ਸੀ ਅਤੇ ਹੁਣ ਇਹ ਕੰਮ ਸ਼ੁਰੂ ਹੋਣ ਵਾਲਾ ਹੈ।