ਗੁਜਰਾਤ ਦੇ ਆਨੰਦ 'ਚ ਮੰਗਲਵਾਰ ਨੂੰ ਬੁਲੇਟ ਟਰੇਨ ਲਈ ਬਣਾਏ ਜਾ ਰਹੇ ਟ੍ਰੈਕ 'ਤੇ ਬਣਿਆ ਪੁਲ ਢਹਿ ਗਿਆ। ਇਹ ਹਾਦਸਾ ਵਾਸਦ ਨੇੜੇ ਵਾਪਰਿਆ। ਇਸ ਹਾਦਸੇ ਵਿੱਚ 3 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ, ਫਾਇਰ ਬ੍ਰਿਗੇਡ ਸਮੇਤ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਪਿੰਡ ਵਾਸਦ ਨੇੜੇ ਬੁਲੇਟ ਟਰੇਨ ਪ੍ਰੋਜੈਕਟ ਦੇ ਕੰਮ ਦੌਰਾਨ ਵਾਪਰਿਆ। ਇਸ 'ਚ ਦੋ ਲੋਕਾਂ ਨੂੰ ਬਚਾਇਆ ਗਿਆ ਹੈ। ਮਲਬਾ ਹਟਾਇਆ ਜਾ ਰਿਹਾ ਹੈ।
ਬੁਲੇਟ ਟਰੇਨ ਲਈ ਗੁਜਰਾਤ 'ਚ ਬਣਨਗੇ 20 ਪੁਲ
ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਕੋਰੀਡੋਰ ਲਈ ਗੁਜਰਾਤ ਵਿੱਚ ਕੁੱਲ 20 ਨਦੀ ਪੁਲਾਂ ਵਿੱਚੋਂ 12 ਦਾ ਨਿਰਮਾਣ ਪੂਰਾ ਹੋ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (ਐੱਨ.ਐੱਚ.ਐੱਸ.ਆਰ.ਸੀ.ਐੱਲ.) ਨੇ ਦੱਸਿਆ ਕਿ ਗੁਜਰਾਤ ਦੇ ਨਵਸਾਰੀ ਜ਼ਿਲੇ 'ਚ ਖੈਰਾ ਨਦੀ 'ਤੇ 120 ਮੀਟਰ ਲੰਬਾ ਪੁਲ ਹਾਲ ਹੀ 'ਚ ਪੂਰਾ ਹੋਇਆ ਹੈ। ਇਸ ਦੇ ਨਾਲ ਹੀ 12 ਪੁਲਾਂ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ।
508 ਕਿਲੋਮੀਟਰ ਲੰਬਾ ਹੈ ਟ੍ਰੈਕ
ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਕੋਰੀਡੋਰ ਕੁੱਲ 508 ਕਿਲੋਮੀਟਰ ਲੰਬਾ ਹੈ। ਇਸ ਪ੍ਰੋਜੈਕਟ ਵਿੱਚ ਗੁਜਰਾਤ ਦਾ 352 ਕਿਲੋਮੀਟਰ ਅਤੇ ਮਹਾਰਾਸ਼ਟਰ ਦਾ 156 ਕਿਲੋਮੀਟਰ ਸ਼ਾਮਲ ਹੈ। ਮੁੰਬਈ, ਠਾਣੇ, ਵਿਰਾਰ, ਬੋਇਸਰ, ਵਾਪੀ, ਬਿਲੀਮੋਰਾ, ਅਹਿਮਦਾਬਾਦ, ਸੂਰਤ, ਭਰੂਚ, ਵਡੋਦਰਾ, ਆਨੰਦ, ਨਡਿਆਦ ਅਤੇ ਸਾਬਰਮਤੀ ਵਰਗੇ ਕੁੱਲ 12 ਸਟੇਸ਼ਨ ਬਣਾਉਣ ਦੀ ਯੋਜਨਾ ਹੈ।