ਮੋਗਾ ਦੇ ਰਤਨ ਸਿਨੇਮਾ ਨੇੜੇ 10 ਤੋਂ 15 ਵਿਅਕਤੀਆਂ ਨੇ ਦੋ ਨੌਜਵਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ। ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਉਥੇ ਹੀ ਦੂਜੇ ਨੌਜਵਾਨ ਦੀਆਂ ਦੋਵੇਂ ਲੱਤਾਂ 'ਤੇ ਗੋਲੀਆਂ ਲੱਗੀਆ ਹਨ। ਜਿਸ ਦਾ ਇਲਾਜ ਅਜੇ ਜਾਰੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਵਿਕਾਸ ਜਿੰਦਲ ਪੁੱਤਰ ਜਗਦੀਸ਼ ਵਜੋਂ ਹੋਈ ਹੈ। ਜਗਦੀਸ਼ ਨੇ ਦੱਸਿਆ ਕਿ ਉਸ ਦਾ ਲੜਕਾ ਦੀਵਾਲੀ ਮਨਾਉਣ ਆਇਆ ਸੀ। ਆਪਣੇ ਚਚੇਰੇ ਭਰਾ ਨਾਲ ਬਾਹਰ ਗਿਆ। ਮ੍ਰਿਤਕ ਦੇ ਪਿਤਾ ਨੇ ਇਨਸਾਫ ਦੀ ਮੰਗ ਕੀਤੀ ਹੈ।
ਜ਼ਖਮੀ ਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਨਾਲ ਗਿਆ ਸੀ ਤਾਂ ਉੱਥੇ 10 ਤੋਂ 15 ਵਿਅਕਤੀ ਮੌਜੂਦ ਸਨ, ਗੋਲੀਆਂ ਉਸ ਦੀਆਂ ਲੱਤਾਂ 'ਚ ਲੱਗੀਆਂ ਅਤੇ ਉਹ ਹੇਠਾਂ ਡਿੱਗ ਗਿਆ, ਜਿਸ ਤੋਂ ਬਾਅਦ ਉਸ ਨੂੰ ਕੁਝ ਪਤਾ ਨਹੀਂ ਲੱਗਾ।
ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਵਿਕਾਸ ਜਿੰਦਲ ਦੀ ਮੌਤ ਹੋ ਗਈ ਹੈ, ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ। ਅਤੇ ਇਸ ਵੇਲੇ ਇੱਕ ਹੋਰ ਧਿਰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਡਾਕਟਰਾਂ ਨੇ ਜ਼ਖਮੀ ਨੂੰ ਫਰੀਦਕੋਟ ਕੀਤਾ ਰੈਫਰ
ਸਰਕਾਰੀ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਤਾਇਨਾਤ ਡਾਕਟਰ ਮਨਿੰਦਰ ਨੇ ਦੱਸਿਆ ਕਿ ਪਹਿਲਾਂ ਵਿਕਾਸ ਗਰਗ ਨਾਂ ਦਾ ਇੱਕ ਜ਼ਖ਼ਮੀ ਨੌਜਵਾਨ ਉਨ੍ਹਾਂ ਕੋਲ ਆਇਆ ਸੀ, ਜਿਸ ਦੇ ਪੇਟ ਵਿੱਚ ਗੋਲੀ ਲੱਗੀ ਸੀ। ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਪਰ ਪਰਿਵਾਰ ਵਾਲੇ ਉਸ ਨੂੰ ਨਿੱਜੀ ਹਸਪਤਾਲ ਲੈ ਗਏ। ਉਸ ਦੀ ਹਾਲਤ ਨਾਜ਼ੁਕ ਸੀ ਅਤੇ ਵਿਕਾਸ ਜਿੰਦਲ ਦੀ ਰਸਤੇ ਵਿਚ ਹੀ ਮੌਤ ਹੋ ਗਈ।