ਜਲੰਧਰ ਦੇ ਸੋਢਲ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਸ਼ੁੱਕਰਵਾਰ ਨੂੰ ਰਾਤ 10 ਵਜੇ ਗੋਲੀਆਂ ਚੱਲੀਆਂ, ਜਿਨ੍ਹਾਂ 'ਤੇ ਹਮਲਾ ਹੋਇਆ, ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਹਮਲਾਵਰ ਇੱਕ ਦਰਜਨ ਤੋਂ ਵੱਧ ਸਨ ਅਤੇ ਉਨ੍ਹਾਂ ਉਤੇ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਪੀੜਤਾਂ ਨੇ ਕਿਹਾ ਕਿ ਗੋਲੀਆਂ ਚਲਾਉਣ ਦੇ ਨਾਲ-ਨਾਲ ਹਮਲਾਵਰਾਂ ਨੇ ਹਥਿਆਰ ਵੀ ਲਹਿਰਾਏ ਅਤੇ ਬੋਤਲਾਂ ਨਾਲ ਵੀ ਹਮਲਾ ਕੀਤਾ। ਸੂਚਨਾ ਮਿਲਣ ਉਤੇ ਥਾਣਾ-8 ਦੀ ਪੁਲਸ ਮੌਕੇ ਉਤੇ ਪੁੱਜੀ । ਐਸ ਐਚ ਓ ਪ੍ਰਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗੇ ਦੀ ਕਾਰਵਾਈ ਸੀਸੀਟੀਵੀ ਦੀ ਜਾਂਚ ਕਰ ਕੇ ਕੀਤੀ ਜਾਵੇਗੀ।
ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਨੇ ਕਿਹਾ ਕਿ ਹਮਲਾਵਰ ਉਨ੍ਹਾਂ ਦੀਆਂ ਧੀਆਂ ਤੇ ਭੈਣਾਂ ਦੀ ਵੀਡਿਓ ਬਣਾ ਰਹੇ ਸਨ ਅਤੇ ਉਨ੍ਹਾਂ ਨੂੰ ਜਦੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਤਿੰਨ ਫਾਇਰ ਕੀਤੇ। ਇਸ ਸਮੇਂ ਦੌਰਾਨ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ, ਉਸ ਦਾ ਭਰਾ ਜ਼ਖਮੀ ਹੋ ਗਿਆ। ਇਸ ਦੌਰਾਨ ਇਲਾਕੇ ਵਿਚ ਦਹਿਸ਼ਤ ਫੈਲ ਗਈ।
ਪੁਲਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਲੜਾਈ ਕਿਉਂ ਹੋਈ। ਕੋਈ ਵੀ ਦੂਜੇ ਪਾਸਿਓਂ ਬੋਲਣ ਲਈ ਤਿਆਰ ਨਹੀਂ ਸੀ। ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।