ਫ਼ਿਰੋਜ਼ਪੁਰ ਦੀ ਗੁਰੂਹਰਸਹਾਏ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਸੋਮਵਾਰ ਸਵੇਰੇ ਮੁਕਾਬਲਾ ਹੋਇਆ। ਇਸ ਦੌਰਾਨ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਜਦਕਿ ਦੋ ਸਾਥੀ ਹਨੇਰੇ ਦਾ ਫਾਇਦਾ ਉਠਾ ਕੇ ਖੇਤਾਂ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਏ। ਦੱਸ ਦਈਏ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨਾਂ ਕੋਲ ਨਜਾਇਜ਼ ਹਥਿਆਰ ਹਨ, ਜੋ ਗੁਰੂਹਰਸਹਾਏ ਸ਼ਾਹੀਰਵਾਲਾ ਰੋਡ 'ਤੇ ਮੋਟਰਸਾਈਕਲ ਲੈ ਕੇ ਖੜੇ ਹਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਨ।
ਇਸ ਦੌਰਾਨ ਪੁਲਿਸ ਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ ਹੋਇਆ। ਫਿਲਹਾਲ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ, ਫੜੇ ਗਏ ਨਸ਼ਾ ਤਸਕਰ ਦੀ ਪਛਾਣ ਰਾਹੁਲ ਪੁੱਤਰ ਮੱਖਣ ਸਿੰਘ ਵਾਸੀ ਗੁਰੂਹਰਸਹਾਏ ਵਜੋਂ ਹੋਈ ਹੈ ਅਤੇ ਉਸ ਦੇ ਫਰਾਰ ਸਾਥੀਆਂ ਦੀ ਪਛਾਣ ਰਾਜੂ ਪੁੱਤਰ ਚਿਰਾਗ, ਸੰਨੀ ਪੁੱਤਰ ਰੰਗਾ ਵਾਸੀ ਗੁਰੂਹਰਸਹਾਏ ਵਜੋਂ ਹੋਈ ਹੈ। ਪੁਲਿਸ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਫਰਾਰ ਤਸਕਰਾਂ ਦੀ ਭਾਲ ਕੀਤੀ ਜਾ ਰਹੀ ਹੈ।