ਜਲੰਧਰ ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਸੀ ਐਮ ਚਰਨਜੀਤ ਸਿੰਘ ਚੰਨੀ ਨੇ ਬੀਬੀ ਜਗੀਰ ਕੌਰ ਨਾਲ ਵਾਇਰਲ ਹੋਈ ਵੀਡੀਓ 'ਤੇ ਮੁੜ ਬਿਆਨ ਦਿੱਤਾ ਹੈ। ਚੰਨੀ ਨੇ ਕਿਹਾ ਕਿ ਮੇਰੀ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਬਦਨਾਮ ਕੀਤਾ ਗਿਆ ਹੈ। ਮੇਰੇ ਖਿਲਾਫ ਅਜਿਹੀਆਂ ਸ਼ਿਕਾਇਤਾਂ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਕੀਤਾ ਬਦਨਾਮ
ਚੰਨੀ ਨੇ ਕਿਹਾ ਕਿ ਮੈਂ ਬੀਬੀ ਜਗੀਰ ਕੌਰ ਨੂੰ ਮਾਂ ਅਤੇ ਭੈਣ ਦਾ ਦਰਜਾ ਦਿੱਤਾ ਹੈ। ਮੈਂ ਉਸ ਅੱਗੇ ਝੁਕਿਆ ਸੀ ਅਤੇ ਕੋਈ ਗਲਤ ਕੰਮ ਨਹੀਂ ਕੀਤਾ ਸੀ ਪਰ ਮੇਰੀ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਪੰਜਾਬ ਮਹਿਲਾ ਕਮਿਸ਼ਨ ਨੂੰ ਮੇਰੇ ਖਿਲਾਫ ਅਜਿਹੀਆਂ ਸ਼ਿਕਾਇਤਾਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਰਿੰਕੂ ਨਾਲ ਮਿਲ ਕੇ ਅੰਗੁਰਾਲ ਕਰ ਰਿਹਾ ਕਾਲਾ ਧੰਦਾ
ਚੰਨੀ ਨੇ ਜਲੰਧਰ ਤੋਂ ਆਮ ਆਦਮੀ ਪਾਰਟੀ ਪੱਛਮੀ ਦੇ ਵਿਧਾਇਕ ਸ਼ੀਤਲ ਅੰਗੁਰਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲਣ ਵਾਲੀ। ਜਿਸ ਕਾਰਨ ਸ਼ੀਤਲ ਦੇ ਵਕੀਲ ਨੇ ਜ਼ਮਾਨਤ ਦੀ ਅਰਜ਼ੀ ਵਾਪਸ ਲੈ ਲਈ। ਅੰਗੁਰਾਲ ਨਸ਼ੇ ਦਾ ਵੱਡਾ ਵਪਾਰੀ ਹੈ ਅਤੇ ਰਿੰਕੂ ਨਾਲ ਮਿਲ ਕੇ ਕਾਲਾ ਧੰਦਾ ਕਰ ਰਿਹਾ ਹੈ, ਉਸ ਖਿਲਾਫ 19 ਕੇਸ ਦਰਜ ਹਨ।
ਪੰਜਾਬ ਵਿੱਚ ਕੇਜਰੀਵਾਲ ਦਾ ਹੋਣਾ ਚਾਹੀਦਾ ਵਿਰੋਧ
ਚੰਨੀ ਨੇ ਕੇਜਰੀਵਾਲ ਨੂੰ ਘਪਲੇਬਾਜ਼ ਦੱਸਦੇ ਹੋਏ ਕਿਹਾ ਕਿ ਅਦਾਲਤ ਨੇ ਉਨ੍ਹਾਂ ਨੂੰ 15 ਦਿਨਾਂ ਲਈ ਜ਼ਮਾਨਤ ਦੇ ਦਿੱਤੀ ਹੈ। ਕੇਜਰੀਵਾਲ ਦਾ ਪੰਜਾਬ ਵਿੱਚ ਵਿਰੋਧ ਹੋਣਾ ਚਾਹੀਦਾ ਹੈ ਕਿਉਂਕਿ ਕੇਜਰੀਵਾਲ ਨੇ ਸ਼ਰਾਬ ਮਾਫੀਆ ਨਾਲ ਮਿਲ ਕੇ ਬਹੁਤ ਵੱਡਾ ਘਪਲਾ ਕੀਤਾ ਹੈ, ਪੰਜਾਬ ਦੇ ਮੁੱਖ ਮੰਤਰੀ ਵੀ ਅਜਿਹੇ ਘਪਲੇ ਕਰ ਰਹੇ ਹਨ ਤੇ ਅਜੇ ਤੱਕ ਬਚੇ ਹੋਏ ਹਨ। ਅਸੀਂ ਚਾਹੁੰਦੇ ਹਾਂ ਕਿ ਇਸ 'ਤੇ ਵੀ ਕਾਰਵਾਈ ਕੀਤੀ ਜਾਵੇ।
ਪੰਜਾਬ ਸਰਕਾਰ ਲੋਕਾਂ ਦਾ ਲੁੱਟ ਰਹੀ ਹੈ ਪੈਸਾ
ਪੰਜਾਬ ਸਰਕਾਰ ਉਤੇ ਨਿਸ਼ਾਨਾ ਸਾਧਦੇ ਹੋਏ ਚੰਨੀ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਪੈਸੇ ਦੀ ਦੁਰਵਰਤੋਂ ਕਰ ਕੇ ਹਵਾਈ ਜਹਾਜ਼ ਦੇ ਤੇਲ 'ਤੇ ਖਰਚ ਕਰ ਰਹੀ ਹੈ। ਪੰਜਾਬ ਸਰਕਾਰ ਸਿਰ 80 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ ਅਤੇ ਪੰਜਾਬ ਦੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ।