ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਸੋਮਵਾਰ ਰਾਤ ਨੂੰ ਇਕ ਦਰਦਨਾਕ ਬੱਸ ਹਾਦਸਾ ਵਾਪਰ ਗਿਆ। ਮੁੰਬਈ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਕੁਰਲਾ 'ਚ ਇਕ ਸਰਕਾਰੀ ਬੱਸ ਤੇਜ਼ ਰਫਤਾਰ ਨਾਲ ਦਾਖਲ ਹੋ ਗਈ। ਇਸ ਦੌਰਾਨ ਤੇਜ਼ ਰਫਤਾਰ ਬੱਸ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ। ਆਖਰਕਾਰ, ਬੱਸ ਇੱਕ ਇਮਾਰਤ ਨਾਲ ਟਕਰਾ ਕੇ ਰੁਕ ਗਈ। ਪਰ ਇਮਾਰਤ ਦੀ ਕੰਧ ਢਹਿ ਗਈ। ਇਸ ਦੌਰਾਨ ਬੱਸ ਨੇ 100 ਮੀਟਰ ਦੇ ਘੇਰੇ ਵਿੱਚ 40 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ 'ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 35 ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਇਸ ਹਾਦਸੇ ਦਾ CCTV ਵੀ ਸਾਹਮਣੇ ਆਇਆ ਹੈ। ਹਾਦਸੇ ਤੋਂ ਬਾਅਦ ਇਲਾਕੇ 'ਚ ਭਗਦੜ ਮੱਚ ਗਈ। ਸਥਾਨਕ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਦੇ ਦੇਖੇ ਗਏ। ਇਹ ਘਟਨਾ ਸੋਮਵਾਰ ਰਾਤ 9:50 ਵਜੇ ਵਾਪਰੀ। ਸਰਕਾਰੀ ਬੱਸ ਦਾ ਨੰਬਰ MH-01, EM-8228 ਹੈ। ਇਹ ਬੈਸਟ ਦੀ ਇਲੈਕਟ੍ਰਿਕ ਬੱਸ ਸੀ ਜੋ ਕੁਰਲਾ ਸਟੇਸ਼ਨ ਤੋਂ ਅੰਧੇਰੀ ਵੱਲ ਜਾ ਰਹੀ ਸੀ। ਬੱਸ ਭੀੜ ਵਾਲੇ ਇਲਾਕੇ 'ਚ 100 ਮੀਟਰ ਤੱਕ ਲੋਕਾਂ ਅਤੇ ਹੋਰ ਵਾਹਨਾਂ ਨੂੰ ਟੱਕਰ ਮਾਰਦੀ ਰਹੀ। ਇਸ ਕਾਰਨ ਕਈ ਲੋਕ ਜ਼ਖਮੀ ਹੋ ਕੇ ਸੜਕ 'ਤੇ ਡਿੱਗ ਗਏ।
25 ਤੋਂ ਵੱਧ ਲੋਕ ਜ਼ਖਮੀ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਪੁਲਿਸ ਮੁਤਾਬਕ ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। 25 ਤੋਂ ਵੱਧ ਲੋਕ ਜ਼ਖਮੀ ਹਨ। ਜ਼ਖਮੀਆਂ ਨੂੰ ਨਿੱਜੀ ਵਾਹਨਾਂ ਦੇ ਨਾਲ-ਨਾਲ 108 ਐਂਬੂਲੈਂਸ ਰਾਹੀਂ ਨੇੜਲੇ ਕੁਰਲਾ ਭਾਭਾ ਹਸਪਤਾਲ ਭੇਜਿਆ ਗਿਆ।
ਬ੍ਰੇਕ ਫੇਲ ਹੋਈ ਜਾਂ ਡਰਾਈਵਰ ਨਸ਼ੇ 'ਚ ਸੀ
ਜਾਣਕਾਰੀ ਦਿੰਦਿਆਂ ਡੀਸੀਪੀ ਜ਼ੋਨ 5 ਗਣੇਸ਼ ਗਾਵੜੇ ਨੇ ਦੱਸਿਆ ਕਿ ਬੱਸ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਬੱਸ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ ਹੈ। ਇਸ ਸਬੰਧੀ ਕੇਸ ਦਰਜ ਕਰਨ ਦੀ ਕਾਰਵਾਈ ਜਾਰੀ ਹੈ। ਬੱਸ ਡਰਾਈਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਡੀਸੀਪੀ ਗਾਵੜੇ ਨੇ ਡਰਾਈਵਰ ਦੇ ਸ਼ਰਾਬੀ ਹੋਣ ਬਾਰੇ ਕੁਝ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਘਟਨਾ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਜਾਂਚ ਜਾਰੀ ਹੈ।
ਹਾਦਸੇ ਵਾਲੇ ਦਿਨ ਪਹਿਲੀ ਵਾਰ ਬੱਸ ਚਲਾ ਰਿਹਾ ਸੀ ਡਰਾਈਵਰ
ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਡਰਾਈਵਰ ਸੰਜੇ ਮੋਰੇ ਸੋਮਵਾਰ ਨੂੰ ਪਹਿਲੀ ਵਾਰ ਬੱਸ ਚਲਾ ਰਿਹਾ ਸੀ। ਉਹ 1 ਦਸੰਬਰ ਨੂੰ ਹੀ ਬੈਸਟ ਵਿੱਚ ਕੰਟਰੈਕਟ ਡਰਾਈਵਰ ਵਜੋਂ ਭਰਤੀ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਉਸ ਨੇ ਬ੍ਰੇਕ ਦੀ ਬਜਾਏ ਐਕਸੀਲੇਟਰ ਨੂੰ ਦਬਾਇਆ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ।