ਜਲੰਧਰ 'ਚ ਕਾਂਗਰਸੀ ਆਗੂਆਂ ਨੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਈ ਕੌਂਸਲਰ ਮਨਮੀਤ ਕੌਰ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮਨਮੀਤ ਕੌਰ ਵਾਰਡ 47 ਤੋਂ ਕਾਂਗਰਸ ਦੀ ਉਮੀਦਵਾਰ ਸੀ ਅਤੇ ਜਿੱਤਣ ਤੋਂ ਬਾਅਦ ‘ਆਪ’ ਕੋਲ ਬਹੁਮਤ ਨਾ ਹੋਣ ਕਾਰਨ ਉਹ ‘ਆਪ’ ਵਿੱਚ ਸ਼ਾਮਲ ਹੋ ਗਈ। ਇਸ ਨੂੰ ਲੈ ਕੇ ਕਾਂਗਰਸੀ ਆਗੂਆਂ ਨੇ ਮਨਮੀਤ ਕੌਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਧਰਨੇ ਦੌਰਾਨ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਅਤੇ ਕਈ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਮੁੜ ਪਾਰਟੀ ਵਿੱਚ ਆਉਣ ਦਾ ਸੱਦਾ ਦਿੱਤਾ
ਕਾਂਗਰਸੀ ਆਗੂਆਂ ਨੇ ਧਰਨੇ ਦੌਰਾਨ ਕਿਹਾ ਕਿ ਕੌਂਸਲਰ ਬਣਨ ਦੇ 10 ਘੰਟੇ ਬਾਅਦ ਹੀ ਪਾਰਟੀ ਦੀ ਇੱਕ ਹੋਰ ਕੌਂਸਲਰ ‘ਆਪ’ ਪਾਰਟੀ ਵਿੱਚ ਸ਼ਾਮਲ ਹੋ ਗਈ। ਕਾਂਗਰਸ ਨੇ ਕਾਂਗਰਸ ਭਵਨ ਵਿਖੇ ਮੀਟਿੰਗ ਰੱਖੀ ਸੀ ਪਰ ਇਹ ਉਥੇ ਨਹੀਂ ਪਹੁੰਚੇ ਅਤੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਗਏ। ਲੋਕਾਂ ਨੇ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਦੇਖ ਕੇ ਉਨ੍ਹਾਂ ਨੂੰ ਵੋਟਾਂ ਪਾਈਆਂ। ਪਾਰਟੀ ਉਨ੍ਹਾਂ ਦਾ ਪਹਿਲਾਂ ਵਾਂਗ ਹੀ ਸਨਮਾਨ ਕਰੇਗੀ ਅਤੇ ਉਹ ਆਪਣਾ ਫੈਸਲਾ ਬਦਲ ਕੇ ਮੁੜ ਪਾਰਟੀ ਵਿੱਚ ਸ਼ਾਮਲ ਹੋ ਸਕਦੀ ਹੈ।
ਕਾਂਗਰਸੀ ਆਗੂਆਂ ਨੇ ਥਾਣੇ ਤੱਕ ਕੀਤਾ ਮਾਰਚ
ਸਾਬਕਾ ਵਿਧਾਇਕ ਰਜਿੰਦਰ ਬੇਰੀ ਨੂੰ ਹਿਰਾਸਤ ਵਿੱਚ ਲਏ ਜਾਣ ’ਤੇ ਕਾਂਗਰਸੀ ਆਗੂ ਕੌਂਸਲਰ ਮਨਮੀਤ ਕੌਰ ਦੇ ਘਰ ਤੋਂ ਰੋਸ ਮਾਰਚ ਕੱਢ ਕੇ ਭਾਰਗੋ ਕੈਂਪ ਥਾਣੇ ਦੇ ਬਾਹਰ ਪੁੱਜੇ। ਇਸ ਦੌਰਾਨ ਕਾਂਗਰਸ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਾਂਗਰਸੀ ਝੰਡੇ ਲੈ ਕੇ ਖੜ੍ਹੇ ਕਾਂਗਰਸੀ ਆਗੂ ਜਦੋਂ ਥਾਣੇ ਦੇ ਬਾਹਰ ਪੁੱਜੇ ਤਾਂ ਥਾਣੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ।
ਪ੍ਰਵੀਨ ਵਾਸਨ ਦੇ ਘਰ ਬਾਹਰ ਵੀ ਧਰਨਾ ਦਿੱਤਾ
ਦੱਸ ਦਈਏ ਕਿ ਕਾਂਗਰਸ ਨੇਤਾਵਾਂ ਨੇ ਬੀਤੇ ਦਿਨ ਪ੍ਰਵੀਨ ਵਾਸਨ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਕਿਉਂਕਿ ਪ੍ਰਵੀਨ ਵਾਸਨ ਵੀ ਕਾਂਗਰਸ ਵੱਲੋਂ ਕੌਂਸਲਰ ਚੁਣੇ ਗਏ ਸਨ ਤੇ ਆਪ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਪੁਲਸ ਅਤੇ ਕਾਂਗਰਸੀ ਨੇਤਾਵਾਂ ਵਿਚਾਲੇ ਤਿੱਖੀ ਬਹਿਸ ਹੋਈ।