ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਆਪ ਸੁਪਰੀਮੋ ਦਿੱਲੀ ਦੇ ਸੀ ਐਮ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਪਹੁੰਚੇ ਜਿਥੇ, ਉਨਾਂ ਨੇ 165 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਤ ਕੀਤੇ, ਹੁਣ ਪੰਜਾਬ ਵਿਚ ਕੁਲ 829 ਆਮ ਆਦਮੀ ਕਲੀਨਿਕ ਹੋ ਗਏ ਹਨ।
ਪੰਜਾਬ ਵਿਚ 829 ਮੁਹੱਲਾ ਕਲੀਨਿਕ
ਇਸ ਦੌਰਾਨ ਸੀ ਐਮ ਮਾਨ ਨੇ ਕਿਹਾ ਕਿ ਜਲੰਧਰ ਤੋਂ ਨਵੇਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦਾ ਲੋਕ ਲਾਭ ਲੈ ਰਹੇ ਹਨ। ਉਨਾਂ ਕਿਹਾ ਕਿ ਜਿਥੇ ਮਰਜ਼ੀ 50 ਤੋਂ 100 ਮੀਟਰ ਦੇ ਫਾਸਲੇ ਉਤੇ ਆਮ ਆਦਮੀ ਕਲੀਨਿਕ ਹਨ ਤੇ ਲੋਕ ਇਥੋ ਦਵਾਈ ਲੈ ਕੇ ਠੀਕ ਹੋ ਚੁੱਕੇ ਹਨ। ਮਾਨ ਨੇ ਕਿਹਾ ਕਿ ਤੁਸੀਂ ਆਪ ਦੇ ਵੱਧ ਤੋਂ ਵੱਧ ਐਮ ਪੀ ਜਿਤਾਓ ਤਾਂ ਜੋ ਅਸੀਂ ਕੇਂਦਰ ਤੋਂ ਆਪਣੀਆਂ ਮੰਗਾਂ ਮਨਵਾ ਸਕੀਏ। ਮਾਨ ਨੇ ਕਿਹਾ ਕਿ ਪੰਜਾਬ ਵਿਚ ਹਸਪਤਾਲਾਂ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਕੇਂਦਰ ਸਰਕਾਰ ਪੰਜਾਬ ਦਾ ਅੱਠ ਹਜ਼ਾਰ ਕਰੋੜ ਨਹੀਂ ਦੇ ਰਹੀ
ਦਿੱਲੀ ਦੇ ਮੁੱਖ ਮੰਤਰੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਇਲਾਜ ਮੁਫਤ ਹੈ, ਦਵਾਈਆਂ ਮੁਫਤ ਹਨ, ਜਿਸ ਦਾ ਲੋਕ ਲਾਭ ਲੈ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਵਿਚ 13 ਦੀਆਂ 13 ਸੀਟਾਂ ਲੋਕ ਸਭਾ ਚੋਣਾਂ ਦੌਰਾਨ ਜਿਤਾਉਣ ਤਾਂ ਜੋ ਅਸੀਂ ਪੰਜਾਬ ਦੇ ਲੋਕਾਂ ਲਈ ਵੱਧ ਤੋਂ ਵੱਧ ਸਹੂਲਤਾਂ ਦੇ ਸਕੀਏ। ਉਨਾਂ ਕਿਹਾ ਕਿ ਅੱਠ ਹਜ਼ਾਰ ਕਰੋੜ ਰੁਪਏ ਕੇਂਦਰ ਵੱਲ ਪੈਂਡਿੰਗ ਪਏ ਹਨ, ਜੋ ਕਿ ਜੇਕਰ ਕੇਂਦਰ ਸਰਕਾਰ ਇਹ ਪੈਸਾ ਨਾ ਰੋਕਦੀ ਤਾਂ ਪੰਜਾਬ ਦੇ ਵਿਕਾਸ ਉਤੇ ਹੀ ਲਾਇਆ ਜਾਣਾ ਸੀ। ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ, ਆਮ ਆਦਮੀ ਪਾਰਟੀ ਲੋਕਾਂ ਦੀ ਸਹੂਲਤ ਲਈ ਵਚਨਬੱਧ ਹੈ।
ਲੋਕ ਸਭਾ ਲਈ ਉਮੀਦਵਾਰਾਂ ਦਾ ਐਲਾਨ 1-2 ਦਿਨਾਂ 'ਚ
ਕੇਜਰੀਵਾਲ ਨੇ ਕਿਹਾ ਕਿ ਲੋਕਾ ਸਭਾ ਲਈ ਪੰਜਾਬ ਵਿਚ ਉਮੀਦਵਾਰਾਂ ਦਾ ਐਲਾਨ ਇਕ ਜਾਂ ਦੋ ਦਿਨਾਂ ਅੰਦਰ ਕਰ ਦਿੱਤਾ ਜਾਵੇਗਾ। ਅਸੀਂ ਇੱਕ ਸਾਲ ਪਹਿਲਾਂ ਉਪ ਚੋਣ ਸਮੇਂ ਆਏ ਸੀ। ਰਿੰਕੂ ਜੀ ਦੀ ਜਿੱਤ ਹੋਈ। ਅਸੀਂ ਕਿਹਾ ਸੀ ਕਿ ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਹੈ ਤਾਂ ਵੋਟ ਦਿਓ। ਸਾਨੂੰ 13 'ਚੋਂ 13 ਸੀਟਾਂ 'ਤੇ ਜਿੱਤ ਦਿਵਾਓ। ਇਸ ਲਈ ਨਹੀਂ ਕਿ ਅਸੀਂ ਜਿੱਤਣ ਵਿੱਚ ਦਿਲਚਸਪੀ ਰੱਖਦੇ ਹਾਂ, ਬਲਕਿ ਇਸ ਲਈ ਕਿ ਅਸੀਂ ਕੇਂਦਰ ਦੁਆਰਾ ਕੀਤੀ ਜਾ ਰਹੀ ਜ਼ਿਆਦਤੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਸਕੀਏ।
ਕੇਂਦਰ ਸਰਕਾਰ ਨੇ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੀ ਝਾਂਕੀ ਨੂੰ 26 ਜਨਵਰੀ ਦੀ ਪਰੇਡ ਵਿਚੋਂ ਰੱਦ ਕਰ ਦਿੱਤਾ। ਇਹ ਪੰਜਾਬ ਦੇ ਲੋਕਾਂ ਦਾ ਅਪਮਾਨ ਕਰਨ ਵਾਲਾ ਮਾਮਲਾ ਹੈ। ਪਿਛਲੇ ਸਾਲ ਦਾ ਬਜਟ ਨਹੀਂ ਹੋਣ ਦਿੱਤਾ ਗਿਆ। ਸਾਨੂੰ ਸੁਪਰੀਮ ਕੋਰਟ ਜਾਣਾ ਪਿਆ। ਦੇਖੋ, ਉਹ ਪੰਜਾਬ ਨੂੰ 8000 ਕਰੋੜ ਰੁਪਏ ਨਹੀਂ ਦੇ ਰਹੇ। ਜੇਕਰ ਤੁਸੀਂ ਸਾਨੂੰ 13 ਵਿੱਚੋਂ 13 ਸੀਟਾਂ ਦੇ ਦਿਓ ਤਾਂ ਅਸੀਂ ਆਪਣੇ ਹਰ ਮਸਲੇ ਦਾ ਹੱਲ ਕੱਢ ਸਕਾਂਗੇ।